ਖਡੂਰ ਸਾਹਿਬ, 13 ਮਈ – ਦਿੱਲੀ ਪੁਲਿਸ ਅਤੇ ਸੈਂਟਰਲ ਆਰਮਡ ਪੁਲਿਸ ਫੋਰਸ (ਸੀ.ਏ.ਪੀ.ਐਫ) ਵਿਚ ਸਬ-ਇੰਸਪੈਕਟਰ/ਅਸਿਸਟੈਂਟ ਸਬ-ਇੰਸਪੈਕਟਰ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਲਈ ਕਾਰ ਸੇਵਾ ਖਡੂਰ ਸਾਹਿਬ ਦੇ ਪ੍ਰਬੰਧ ਅਧੀਨ ‘ਨਿਸ਼ਾਨ-ਏ-ਸਿੱਖੀ’ ਵਿਖੇ ਚਲਦੇ ‘ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼’ ਵਿਖੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਹ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਇੰਸਟੀਚਿਊਟ ਦੇ ਡਾਇਰੈਕਟਰ ਸ. ਬਲਦੇਵ ਸਿੰਘ ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਪਲਾਈ ਕਰਨ ਵਾਲੀਆਂ ਯੋਗ ਲੜਕੀਆਂ ਇੰਸਟੀਚਿਊਟ ਤੋਂ ਹਰ ਤਰਾਂ ਸਬੰਧਿਤ ਸਿਖਲਾਈ ਬਿਲਕੁੱਲ ਮੁਫ਼ਤ ਲੈ ਸਕਦੀਆਂ ਹਨ। ਉਹਨਾਂ ਦੱਸਿਆ ਕਿ ਦੂਰ-ਦੁਰਾਡੇ ਦੀਆਂ ਲੜਕੀਆਂ ਲਈ ਹੋਸਟਲ ਦਾ ਵਿਸ਼ੇਸ਼ ਪ੍ਰਬੰਧ ਹੈ। ਉਹਨਾਂ ਦੱਸਿਆ ਕਿ ਇਥੋਂ ਸਿਖਲਾਈ ਲੈ ਕੇ ਹੁਣ ਤੱਕ ਕੁੱਲ 315 ਲੜਕੀਆਂ ਵੱਖ-ਵੱਖ ਰਾਜਾਂ ਦੀ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵਿਚ ਭਰਤੀ ਹੋ ਚੁੱਕੀਆਂ ਹਨ। ਹਾਲ ਹੀ ਵਿਚ ਇਥੋਂ ਦੀ ਇਕ ਵਿਦਿਆਰਥਣ ਨੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਇਮਤਿਹਾਨ ਵਿਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪੱਧਰ ਦੀ ਸਿਖਲਾਈ ਅਤੇ ਪੜਾਈ ਲਈ ਉੱਚ-ਯੋਗਤਾ ਵਾਲੇ ਅਧਿਆਪਨ ਸਟਾਫ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।