ਸ੍ਰੀ ਗੁਰੂ ਅੰਗਦ ਦੇਵ ਕਾਲਜ,ਖਡੂਰ ਸਾਹਿਬ ਦੁਆਰਾ ਆਪਣਾ 50 ਸਾਲਾ ਗੋਲਡਨ ਜੁਬਲੀ ਸਮਾਗਮ ਮਨਇਆ ਗਿਆ।
ਬਾਬਾ ਉੱਤਮ ਸਿੰਘ ਜੀ ਦੁਆਰਾ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੁਆਰਾ ਆਪਣਾ 50 ਸਾਲਾ ਗੋਲਡਨ ਜੁਬਲੀ ਸਮਾਗਮ ਜੋ ਕਿ ਵਾਤਾਵਰਣ ਦੀ ਸੁਚੱਜੀ ਸੰਭਾਲ਼ ਨੂੰ ਸਮਰਪਿਤ ਹੈ, ਮਿਤੀ 12-11-2022 ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ.ਪਰਮਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਥਾਪਿਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੀ ਸਥਾਪਨਾ ਇੱਕ ਮਹਾਨ ਅਤੇ ਯਾਦਗਾਰੀ ਉੱਦਮ ਹੈ। ਮਹਾਨ ਪਰਉਪਕਾਰੀ ਸੰਤ ਬਾਬਾ ਉੱਤਮ ਸਿੰਘ ਜੀ ਨੇ ਪੇਂਡੂ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਦਾਨ ਕਰਨ ਹਿੱਤ ਕਾਲਜ ਕਾਇਮ ਕਰਨ ਦਾ ਨਿਸ਼ਕਾਮ ਅਤੇ ਮਹਾਨ ਉਪਰਾਲਾ ਆਰੰਭਿਆ ਅਤੇ ਸੰਨ 1969 ਈ. ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ਉੱਪਰ ਕਾਲਜ ਖੋਲ੍ਹਣ ਦਾ ਮਤਾ ਪਾਸ ਕੀਤਾ ਗਿਆ। 03 ਜਨਵਰੀ 1970 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਜਸਟਿਸ ਆਦਰਸ਼ ਕੁਮਾਰ ਗੋਇਲ ਜੀ, ਸਾਬਕਾ ਜੱਜ ਸੁਪਰੀਮ ਕੋਰਟ, ਭਾਰਤ ਅਤੇ ਮੌਜੂਦਾ ਚੇਅਰਪਰਸਨ ਨੈਸ਼ਨਲ ਗ੍ਰੀਨ ਟ੍ਰੀਬਿਊਨਲ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਾਰ ਸੇਵਾ ਖਡੂਰ ਸਾਹਿਬ ਦੀਆਂ ਵਾਤਾਵਰਣ ਸੰਭਾਲ਼ ਪ੍ਰਤੀ ਯੋਜਨਾਵਾਂ ਅਤੇ ਵਿੱਦਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕੀਤੀ। ਉਹਨਾਂ ਨੇ ਕਾਲਜ ਦੇ 50 ਸਾਲਾ ਸਥਾਪਨਾ ਦਿਵਸ ਲਈ ਬਾਬਾ ਸੇਵਾ ਸਿੰਘ ਜੀ, ਸਮੁੱਚੀ ਪ੍ਰਬੰਧਕੀ ਕਮੇਟੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਵਧਾਈ ਦਿੱਤੀ। ਇਸ ਤੋਂ ਇਲਾਵਾ ਸ੍ਰੀ ਐੱਸ.ਸੀ ਅਗਰਵਾਲ ਜੀ ਸਾਬਕਾ ਮੁੱਖ ਸਕੱਤਰ ਪੰਜਾਬ, ਮਾਣਯੋਗ ਜਸਟਿਸ ਪ੍ਰੀਤਮਪਾਲ ਜੀ, ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ, ਮਾਣਯੋਗ ਜਸਟਿਸ ਜਸਬੀਰ ਸਿੰਘ ਜੀ, ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ, ਡਾ. ਬਾਬੂ ਰਾਮ ਜੀ , ਟੈਕਨੀਕਲ ਅਕਸਪਰਟ, ਮੋਨੀਟਰਿੰਗ ਕਮੇਟੀ ਪੰਜਾਬ ਅਤੇ ਹਰਿਆਣਾ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। 1970 ਤੋਂ ਹੁਣ ਤੱਕ ਆਪਣੀਆਂ ਪ੍ਰਬੰਧਕੀ ਸੇਵਾਵਾਂ ਨਿਭਾ ਚੁੱਕੇ ਸਾਬਕਾ ਪ੍ਰਿੰਸੀਪਲਜ਼, ਕਾਰਜਕਾਰੀ ਪ੍ਰਿੰਸੀਪਲਜ਼ ਅਤੇ ਅਧਿਆਪਕ ਸਾਹਿਬਾਨਾਂ ਤੋਂ ਇਲਾਵਾ ਵੱਖ- ਵੱਖ ਵਿਸ਼ਿਆਂ ਵਿੱਚ ਵਿੱਦਿਆ ਲੈ ਚੁੱਕੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਕਾਲਜ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਬਾਬਾ ਸੇਵਾ ਸਿੰਘ ਜੀ ਨੇ ਜਿੱਥੇ ਕਾਲਜ ਦੇ 50 ਸਾਲਾ ਇਤਿਹਾਸਿਕ ਸਫ਼ਰ ਪ੍ਰਤੀ ਆਪਣੇ ਭਾਵਨਾਤਮਕ ਵਿਚਾਰ ਪ੍ਰਗਟ ਕੀਤੇ ਉੱਥੇ ਭਵਿੱਖ ਵਿੱਚ ਉਲੀਕੇ ਨਿਸ਼ਾਨਿਆਂ ਬਾਰੇ ਵੀ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸਮਾਗਮ ਨੂੰ ਵਾਤਾਵਰਣ ਸੰਭਾਲ ਪ੍ਰਤੀ ਸਮਰਪਿਤ ਕਰਦਿਆਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪ੍ਰਬੰਧਕੀ ਕਮੇਟੀ ਅਤੇ ਕਾਲਜ ਪ੍ਰਿੰਸੀਪਲ ਦੁਆਰਾ ‘ਗੁਰੂ ਨਾਨਕ ਯਾਦਗਾਰੀ ਜੰਗਲ’ ਲਗਾਇਆ ਗਿਆ। ਸਮਾਗਮ ਦੀ ਸਮਾਪਤੀ ਸਮੇਂ ਮੇਜਰ ਜਨਰਲ ਬਲਵਿੰਦਰ ਸਿੰਘ (ਰਿਟਾ.), ਡਾਇਰੈਕਟਰ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਅਤੇ ਟ੍ਰੇਨਿੰਗ (ਐਨ.ਡੀ.ਏ ਵਿੰਗ) ਵੱਲੋਂ ਧੰਨਵਾਦੀ ਸ਼ਬਦ ਕਹੇ ਗਏ। ਪ੍ਰੋਗਰਾਮ ਦੌਰਾਨ ਭੰਗੜੇ ਅਤੇ ਸਕਿੱਟ ਆਦਿ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਪ੍ਰਸਤੁਤ ਕੀਤੀਆਂ ਗਈਆਂ। ਸਟੇਜ ਸੰਚਾਲਕ ਦੀ ਭੂਮਿਕਾ ਪ੍ਰੋ.ਹਰਮੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਕਾਰ ਸੇਵਾ ਖਡੂਰ ਸਾਹਿਬ ਅਤੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਅਧੀਨ ਆਉਂਦੀਆਂ ਸੰਸਥਾਵਾਂ ਦੇ ਡਾਇਰੈਕਟਰਜ਼, ਪ੍ਰਿੰਸੀਪਲਜ਼, ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।