ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਨੇ ਕਰਾਇਆ ਵਿਸ਼ੇਸ਼ ਸੈਮੀਨਾਰ

Principal Niranjan Singh Kahlon

Giani Joginder Singh Vedanti

Principal Waryam Singh

Principal Waryam Singh

Prof Sukhrajbir Singh
ਖਡੂਰ ਸਾਹਿਬ, 27 ਜਨਵਰੀ – ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ ‘ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼’ ਵਲੋਂ ‘ਨਿਸ਼ਾਨ-ਏ-ਸਿੱਖੀ’ ਦੇ ਆਡੀਟੋਰੀਅਮ ਵਿਚ ‘ਮੂਲ ਮੰਤਰ ਦੀ ਵਿਆਖਿਆ- ਵਿਗਿਆਨਕ ਦ੍ਰਿਸ਼ਟੀਕੋਣ ‘ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸਿੰਘਾਪੁਰ ਨਿਵਾਸੀ ਸਿੱਖ ਵਿਦਵਾਨ ਤੇ ਵਿਗਿਆਨ ਦੇ ਮਾਹਿਰ ਪ੍ਰਿੰਸੀਪਲ ਨਿਰੰਜਨ ਸਿੰਘ ਕਾਹਲੋਂ ਬਤੌਰ ਮੁੱਖ ਬੁਲਾਰਾ ਪਹੁੰਚੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰਿੰਸੀਪਲ ਕਾਹਲੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੁਨੀਆ ਦੀ ਇਕਲੌਤੀ ਅਜਿਹੀ ਧਾਰਮਿਕ ਜਾਂ ਅਧਿਆਤਮਿਕ ਵਿਚਾਰਧਾਰਾ ਹੈ, ਜਿਸ ਤੋਂ ਵਿਗਿਆਨ ਵੀ ਸੇਧ ਲੈਂਦੀ ਹੈ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵੱਖ-ਵੱਖ ਹਵਾਲੇ ਦੇ ਕੇ ਇਹ ਸਪੱਸ਼ਟ ਕੀਤਾ ਕਿ ਦੁਨੀਆ ਦੇ ਵਿਗਿਆਨੀਆਂ ਨੂੰ ਜਿਹਨਾਂ ਗੱਲਾਂ ਦੀ ਸੋਝੀ ਹੁਣ ਹੋ ਰਹੀ ਹੈ, ਉਹ ਗੁਰੂ ਸਾਹਿਬ ਸਦੀਆਂ ਪਹਿਲਾਂ ਹੀ ਦੱਸ ਗਏ ਹਨ ਅਰਥਾਤ ਵਿਗਿਆਨੀਆਂ ਵਲੋਂ ਕਹੀਆਂ ਗੱਲਾਂ ਗੁਰਬਾਣੀ ਦੀ ਹੀ ਪੁਸ਼ਟੀ ਹਨ। ਉਹਨਾਂ ਨੇ ਮੂਲ ਮੰਤਰ ਦੀ ਵਿਆਖਿਆ ਵਿਗਿਆਨ ਦੇ ਸੰਦਰਭ ਵਿਚ ਕਰਕੇ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਅਤੇ ਵਿਗਿਆਨਕ ਤਜ਼ਰਬਿਆਂ ਦੇ ਆਧਾਰ ‘ਤੇ ਨਾਸਤਿਕਵਾਦ ਨੂੰ ਵਿਗਿਆਨ-ਵਿਰੋਧੀ ਸਿੱਧ ਕੀਤਾ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਅਜੌਕਾ ਯੁਗ ਦਲੀਲ ਦਾ ਯੁਗ ਹੈ ਅਤੇ ਸਾਨੂੰ ਹੱਦਾਂ ਅੰਦਰ ਰਹਿ ਸਮੇਂ ਦਾ ਹਾਣੀ ਬਣਨਾ ਚਾਹੀਦਾ ਹੈ। ਇੰਸਟੀਚਿਊਟ ਦੇ ਪ੍ਰਿੰਸੀਪਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ (ਧਰਮ ਪ੍ਰਚਾਰ) ਸ. ਵਰਿਆਮ ਸਿੰਘ ਨੇ ਕਿਹਾ ਕਿ ਧਰਮ ਦੇ ਖੇਤਰ ਵਿਚ ਵਿਗਿਆਨਕ ਨਜ਼ਰੀਏ ਨੂੰ ਪ੍ਰਮੁੱਖਤਾ ਦੇਣੀ ਸਮੇਂ ਵੱਡੀ ਲੋੜ ਹੈ ਪਰ ਇਸ ਨਜ਼ਰੀਏ ਦੇ ਨਾਲ-ਨਾਲ ਧਰਮ ਦੀਆਂ ਮੁਢਲੀਆਂ ਪ੍ਰੰਪਰਾਵਾਂ ਪ੍ਰਤੀ ਸਤਿਕਾਰ ਭਾਵਨਾ ਵੀ ਬਹਾਲ ਰੱਖਣੀ ਚਾਹੀਦੀ ਹੈ। ਡਾਇਰੈਕਟਰ ਸ. ਪਿਆਰਾ ਸਿੰਘ ਨੇ ਆਏ ਹੋਏ ਮਹਿਮਾਨਾਂ ਵਲੋਂ ਪ੍ਰਗਟਾਏ ਵਿਚਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਧੰਨਵਾਦ ਦੇ ਸ਼ਬਦ ਵੀ ਕਹੇ। ਮੰਚ ਸੰਚਾਲਨ ਪ੍ਰੋ. ਸੁਖਰਾਜਬੀਰ ਸਿੰਘ ਨੇ ਕੀਤਾ। ਅੰਤ ਵਿਚ ਗਿਆਨੀ ਵੇਦਾਂਤੀ ਜੀ ਨੇ ਪ੍ਰਿੰਸੀਪਲ ਕਾਹਲੋਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਗੁਰਸ਼ਰਨਜੀਤ ਸਿੰਘ ਮਾਨ, ਗਿਆਨੀ ਹਰਬੰਸ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।