– ਹੋਣਹਾਰ ਵਿਦਿਆਰਥੀਆਂ ਨੂੰ ਦਿੱਤੇ ਗਏ 6 ਲੱਖ ਦੇ ਨਗਦ ਇਨਾਮ –
ਖਡੂਰ ਸਾਹਿਬ, 11 ਫਰਵਰੀ – ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਵਿਖੇ ਵਿਸ਼ੇਸ਼ ਇਨਾਮ ਵੰਡ ਸਮਾਗਮ ਕਰਾਇਆ ਗਿਆ, ਜਿਸ ਵਿਚ ਸ. ਇੰਦਰਜੀਤ ਸਿੰਘ ਕੈਲੇਫੋਰਨੀਆ (ਯੂ.ਐੱਸ.ਏ), ਸ. ਕੁਲਵੰਤ ਸਿੰਘ ਨਿੱਝਰ (ਯੂ.ਐੱਸ.ਏ) ਅਤੇ ਹੋਰ ਸ਼ਖ਼ਸੀਅਤਾਂ ਵਲੋਂ ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿਚ ਪ੍ਰਾਪਤੀਆਂ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਤਕਰੀਬਨ 6 ਲੱਖ ਦੇ ਇਨਾਮ ਵੰਡੇ ਗਏ।
ਸਮਾਗਮ ਦਾ ਅਰੰਭ ਸਕੂਲ ਦੇ ਬੱਚਿਆਂ ਵਲੋਂ ਸ਼ਬਦ-ਗਾਇਨ ਰਾਹੀਂ ਕੀਤਾ ਗਿਆ। ਵਿਦਿਆਰਥੀਆਂ ਵਲੋਂ ਬੀਰ-ਰਸੀ ਵਾਰਾਂ ਵੀ ਗਾਈਆਂ ਗਈਆਂ। ਸਕੂਲ ਡਾਇਰੈਕਟਰ ਸ. ਗੁਰਦਿਆਲ ਸਿੰਘ ਗਿੱਲ ਨੇ ਆਈਆਂ ਮਹਿਮਾਨ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ। ਬਾਬਾ ਸੇਵਾ ਸਿੰਘ ਵੀ ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ। ਸ. ਇੰਦਰਜੀਤ ਸਿੰਘ ਕੈਲੇਫੋਰਨੀਆ, ਡਾ. ਰਘਬੀਰ ਸਿੰਘ ਬੈਂਸ, ਸ. ਸਰੂਪ ਸਿੰਘ ਆਈ.ਪੀ.ਐੱਸ. (ਰਿਟਾ) ਅਤੇ ਮੇਜਰ ਜਨਰਲ ਆਰ.ਐੱਸ. ਛਤਵਾਲ (ਰਿਟਾ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਅਕਾਦਮਿਕ ਖੇਤਰ ਵਿਚ 90 ਫ਼ੀਸਦੀ ਤੋਂ ਵਧੇਰੇ ਅੰਕ ਹਾਸਲ ਕਰਨ ਵਾਲਿਆਂ ਨੂੰ ਵਿਸ਼ੇਸ਼ ਨਗਦੀ ਇਨਾਮ ਦਿੱਤੇ ਗਏ। ਦਸਵੀਂ ਵਿਚ ਮੈਰਿਟ ਵਿੱਚ ਆਉਣ ਵਾਲੀ ਪਵਨਦੀਪ ਕੌਰ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ। ਬਾਕੀ 90 ਫ਼ੀਸਦੀ ਜਾਂ ਵਧੇਰੇ ਅੰਕ ਹਾਸਲ ਕਰਨ ਵਾਲੇ ਬੱਚਿਆਂ ਨੂੰ 15-15 ਹਜ਼ਾਰ ਦੇ ਨਗਦੀ ਇਨਾਮ ਦਿੱਤੇ ਗਏ। ਬਾਰਵੀਂ ਦੇ ਸਾਇੰਸ ਗਰੁੱਪ ਵਿਚ ਮੈਰਿਟ ਵਿੱਚ ਆਉਣ ਵਾਲੀ ਅਤੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਖੁਸ਼ਦਮਨ ਕੌਰ ਨੂੰ 21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਬਾਕੀ 90 ਫ਼ੀਸਦੀ ਅੰਕਾਂ ਵਾਲੇ ਕੁੱਲ 8 ਵਿਦਿਆਰਥੀਆਂ ਸਣੇ ਮੈਰਿਟ ਵਿਚ ਆਉਣ ਵਾਲੇ ਹੋਰ ਵਿਦਿਆਰਥੀਆਂ ਨੂੰ 5-5 ਹਜ਼ਾਰ ਦਾ ਇਨਾਮ ਦਿੱਤਾ ਗਿਆ। ਕਾਮਰਸ ਗਰੁੱਪ ਵਿਚ ਮੈਰਿਟ ਵਿੱਚ ਆਉਣ ਵਾਲੀ ਅਤੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਜਸਬੀਰ ਕੌਰ ਨੂੰ 21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਬਾਕੀ 90 ਫ਼ੀਸਦੀ ਅੰਕਾਂ ਵਾਲੇ ਕੁੱਲ 8 ਵਿਦਿਆਰਥੀਆਂ ਸਣੇ ਮੈਰਿਟ ਵਿਚ ਆਉਣ ਵਾਲੇ ਹੋਰ ਵਿਦਿਆਰਥੀਆਂ ਨੂੰ 5-5 ਹਜ਼ਾਰ ਦਾ ਇਨਾਮ ਦਿੱਤਾ ਗਿਆ।
ਸਕੂਲ ਵਲੋਂ ਪੈਦਾ ਕੀਤੇ ਭਾਰਤ ਦੀ ਰਾਸ਼ਟਰੀ ਹਾਕੀ ਟੀਮ ਦੇ ਹੋਣਹਾਰ ਖਿਡਾਰੀ ਅਕਾਸ਼ਦੀਪ ਸਿੰਘ ਜਿਸ ਦੀ ਬਦੌਲਤ ਭਾਰਤ ਨੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਿਆ, ਨੂੰ ਅਮਰੀਕਾ ਨਿਵਾਸੀ ਸ. ਕੁਲਵੰਤ ਸਿੰਘ ਨਿੱਝਰ ਅਤੇ ਸ. ਸੁਖਬੀਰ ਸਿੰਘ ਨਿੱਝਰ ਵਲੋਂ 50 ਹਜ਼ਾਰ ਦਾ ਇਨਾਮ ਦਿੱਤਾ ਗਿਆ। ਹਾਲ ਹੀ ਵਿਚ ਰਾਂਚੀ (ਛੱਤੀਸਗੜ) ਵਿਖੇ ਹੋਈ ਇੰਟਰ-ਸਟੇਟ ਸਕੂਲ ਹਾਕੀ ਚੈਂਪੀਅਨਸ਼ਿਪ (ਅੰਡਰ-17) ਵਿਚ ਪੰਜਾਬ ਵਲੋਂ ਖੇਡਣ ਵਾਲੇ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਦੇ 6 ਹਾਕੀ ਖਿਡਾਰੀਆਂ ਨੂੰ 10-10 ਹਜ਼ਾਰ ਦਾ ਇਨਾਮ ਦਿੱਤਾ ਗਿਆ। ਇਸੇ ਚੈਂਪੀਅਨਸ਼ਿਪ ਦੇ ਅੰਡਰ-14 ਉਮਰ ਗਰੁੱਪ ਤਹਿਤ ਪੰਜਾਬ ਵਲੋਂ ਖੇਡਣ ਵਾਲੇ ਅਕੈਡਮੀ ਦੇ 8 ਹਾਕੀ ਖਿਡਾਰੀਆਂ ਨੂੰ 5-5 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। 60ਵੀਆਂ ਪੰਜਾਬ ਰਾਜ ਸਕੂਲ ਹਾਕੀ ਚੈਂਪੀਅਨਸ਼ਿਪ ਦੇ ਅੰਡਰ-17 ਉਮਰ ਗਰੁੱਪ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਅਕੈਡਮੀ ਦੀ ਟੀਮ ਦੇ ਖਿਡਾਰੀਆਂ ਨੂੰ 2-2 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਚੈਂਪੀਅਨਸ਼ਿਪ ਦੇ ਅੰਡਰ-14 ਉਮਰ ਗਰੁੱਪ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਹਾਕੀ ਖਿਡਾਰੀਆਂ ਨੂੰ ਵੀ 2-2 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਦੇ ਨਾਲ ਹੀ ਅਕੈਡਮੀ ਦੇ ਉਹਨਾਂ ਖਿਡਾਰੀਆਂ ਨੂੰ 1-1 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ, ਜਿਹਨਾਂ ਨੇ ਦੇਸ਼ ਪੱਧਰੀ ਹਾਕੀ ਟੂਰਨਾਮੈਂਟਾਂ ਵਿਚ ਜਿੱਤਾਂ ਦਰਜ ਕੀਤੀਆਂ। ਇਸ ਸ਼ਾਨਦਾਰ ਕਾਰਗੁਜਾਰੀ ਲਈ ਅਕੈਡਮੀ ਦੇ ਸੀਨੀਅਰ ਕੋਚ ਬਲਾਕਰ ਸਿੰਘ, ਕੋਚ ਬਲਵਿੰਦਰ ਸਿੰਘ ਅਤੇ ਜੂਨੀਅਰ ਕੋਚ ਤਾਜਬੀਰ ਸਿੰਘ ਨੂੰ ਕ੍ਰਮਵਾਰ 15 ਹਜ਼ਾਰ, 10 ਹਜ਼ਾਰ ਅਤੇ 5 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਸ਼ਾਟਪੁੱਟ ਵਿਚ ਪੰਜਾਬ ਭਰ ਵਿੱਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਅਤੇ ਦੇਸ਼ ਵਿੱਚੋਂ ਚੌਥਾ ਸਥਾਨ ਹਾਸਲ ਕਰਨ ਵਾਲੇ ਆਦਿਲਸ਼ੇਰ ਸਿੰਘ 3 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ।
ਸ. ਇੰਦਰਜੀਤ ਸਿੰਘ ਨੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਐਲਾਨ ਕੀਤਾ ਕਿ ਜੇਕਰ ਅਕਾਸ਼ਦੀਪ ਸਿੰਘ ਓਲੰਪਿਕ ਖੇਡਾਂ ਵਿਚ ਦੇਸ਼ ਨੂੰ ਸੋਨ ਤਮਗਾ ਜਿਤਾਵੇਗਾ, ਤਾਂ ਉਸ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿਤੇ ਜਾਣਗੇ। ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ. ਲਖਵਿੰਦਰ ਸਿੰਘ (ਬਾਣੀਆ) ਨੇ ਖੇਡ ਪ੍ਰਾਜੈਕਟਾਂ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸ. ਸਰੂਪ ਸਿੰਘ ਆਈ.ਪੀ.ਐੱਸ. (ਰਿਟਾ) ਨੇ 50 ਹਜ਼ਾਰ ਰੁਪਏ ਅਕਾਸ਼ਦੀਪ ਸਿੰਘ ਨੂੰ ਅਤੇ 50 ਹਜ਼ਾਰ ਰੁਪਏ ਸਕੂਲ ਦੇ ਮੈਰਿਟ ਹਾਸਲ ਕਰਨ ਵਾਲੇ ਅਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਦੇਣ ਦਾ ਐਲਾਨ ਕੀਤਾ।
ਮੰਚ ਸੰਚਾਲਨ ਦੀ ਭੂਮਿਕਾ ਮੈਡਮ ਨਰਿੰਦਰਜੀਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਸ. ਤਰਨਜੀਤ ਸਿੰਘ ਯੂ.ਐੱਸ.ਏ, ਉਹਨਾਂ ਦੇ ਸੁਪਤਨੀ ਬੀਬੀ ਕੁਲਜੀਤ ਕੌਰ, ਸ. ਕਾਬਲ ਸਿੰਘ ਮੁੰਬਈ, ਸ. ਅਵਤਾਰ ਸਿੰਘ ਬਾਜਵਾ, ਸ. ਕੁਲਬੀਰ ਸਿੰਘ ਢੋਟਾ, ਸ. ਅਜੀਤ ਸਿੰਘ ਮੁਗਲਾਣੀ, ਸ. ਹਰਬੰਸ ਸਿੰਘ ਨੰਬਰਦਾਰ, ਸ. ਮਹਿੰਦਰ ਸਿੰਘ ਜਥੇਦਾਰ, ਸੰਦੀਪ ਸਿੰਘ ਰੰਧਾਵਾ, ਸ. ਸਰੂਪ ਸਿੰਘ, ਸ. ਜਸਬੀਰ ਸਿੰਘ ਮਹਿਤੀਆ, ਸਕੂਲ ਪ੍ਰਿੰਸੀਪਲ ਮੈਡਮ ਜਸਪਾਲ ਕੌਰ, ਹੈੱਡ ਮਿਸਟਰੈੱਸ ਮੈਡਮ ਕਿਰਨਦੀਪ ਕੌਰ, ਸਮੂਹ ਵਿਦਿਆਰਥੀ ਅਤੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।

ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰ ਰਹੇ ਬਾਬਾ ਸੇਵਾ ਸਿੰਘ, ਸ. ਇੰਦਰਜੀਤ ਸਿੰਘ ਅਮਰੀਕਾ, ਡਾ. ਰਘਬੀਰ ਸਿੰਘ ਬੈਂਸ ਅਤੇ ਹੋਰ ਹਸਤੀਆਂ।

ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰ ਰਹੇ ਬਾਬਾ ਸੇਵਾ ਸਿੰਘ, ਸ. ਇੰਦਰਜੀਤ ਸਿੰਘ ਅਮਰੀਕਾ, ਡਾ. ਰਘਬੀਰ ਸਿੰਘ ਬੈਂਸ ਅਤੇ ਹੋਰ ਹਸਤੀਆਂ।

ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰ ਰਹੇ ਬਾਬਾ ਸੇਵਾ ਸਿੰਘ, ਸ. ਇੰਦਰਜੀਤ ਸਿੰਘ ਅਮਰੀਕਾ, ਡਾ. ਰਘਬੀਰ ਸਿੰਘ ਬੈਂਸ ਅਤੇ ਹੋਰ ਹਸਤੀਆਂ।

ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰ ਰਹੇ ਬਾਬਾ ਸੇਵਾ ਸਿੰਘ, ਸ. ਇੰਦਰਜੀਤ ਸਿੰਘ ਅਮਰੀਕਾ, ਡਾ. ਰਘਬੀਰ ਸਿੰਘ ਬੈਂਸ ਅਤੇ ਹੋਰ ਹਸਤੀਆਂ।