-ਭਰਤੀ ਪ੍ਰੀਖਿਆ ਵਿਚ ਪੰਜਾਬ ਭਰ ਵਿੱਚੋਂ ਹਾਸਲ ਕੀਤਾ ਪਹਿਲਾ ਸਥਾਨ-
-ਬਾਬਾ ਸੇਵਾ ਸਿੰਘ ਨੇ ਕੀਤਾ ਵਿਸ਼ੇਸ਼ ਸਨਮਾਨ-
ਖਡੂਰ ਸਾਹਿਬ, 9 ਮਾਰਚ – ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਅਧੀਨ ‘ਨਿਸ਼ਾਨ-ਏ-ਸਿੱਖੀ’ ਵਿਖੇ ਚੱਲ ਰਹੇ ‘ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼’ ਤੋਂ ਸਿਖਲਾਈ ਲੈ ਕੇ ਜਗਦੀਪ ਕੌਰ ਨੇ ਪੁਲਿਸ ਸਬ ਇੰਸਪੈਕਟਰ ਬਣਨ ਦਾ ਮਾਣ ਹਾਸਲ ਕੀਤਾ ਹੈ। ਇਹੀ ਨਹੀਂ, ਪਿੰਡ ਫਾਜਲਪੁਰ ਦੀ ਜੰਮ-ਪਲ ਅਤੇ ਸ. ਸੁਖਚੈਨ ਸਿੰਘ ਦੇ ਘਰ ਜਨਮੀ ਇਸ ਹੋਣਹਾਰ ਲੜਕੀ ਨੇ ਇਸ ਅਸਾਮੀ ਲਈ ਹੋਏ ਇਮਤਿਹਾਨ ਵਿਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ 75 ਫ਼ੀਸਦੀ ਅੰਕਾਂ ਦੇ ਪਿਛਲੇ ਰਿਕਾਰਡ ਨੂੰ ਤੋੜਦਿਆਂ 79 ਫ਼ੀਸਦੀ ਅੰਕ ਹਾਸਲ ਕੀਤੇ ਹਨ।
ਜਗਦੀਪ ਕੌਰ ਦੇ ਸਨਮਾਨ ਵਿਚ ਅੱਜ ‘ਨਿਸ਼ਾਨ-ਏ-ਸਿੱਖੀ’ ਦੇ ਆਡੀਟੋਰੀਅਮ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬਾਬਾ ਸੇਵਾ ਸਿੰਘ ਨੇ ਵੀ ਸ਼ਿਰਕਤ ਕੀਤੀ। ਬਾਬਾ ਸੇਵਾ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਜਿਥੇ ਵੱਡੀ ਕਾਮਯਾਬੀ ਹਾਸਲ ਕਰਨ ਵਾਲੀ ਜਗਦੀਪ ਕੌਰ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ, ਉਥੇ ਨੌਕਰੀ ਦੌਰਾਨ ਇਮਾਨਦਾਰ ਰਹਿ ਕੇ ਲੋਕਾਂ ਦੀ ਸੱਚੀ-ਸੁੱਚੀ ਸੇਵਾ ਕਰਨ ਦੀ ਪ੍ਰੇਰਨਾ ਵੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਲੜਕੀ ਨੂੰ ਆਪਣੇ ਅਕੀਦੇ ‘ਤੇ ਪਹਿਰਾ ਦੇਣ ਅਤੇ ਗੁਰਬਾਣੀ ਨਾਲ ਜੁੜੇ ਰਹਿਣ ਦਾ ਉਪਦੇਸ਼ ਵੀ ਦਿੱਤਾ।
ਜਗਦੀਪ ਕੌਰ ਨੇ ਇਸ ਮੌਕੇ ਇੰਸਟੀਚਿਊਟ ਵਿੱਚ ਮੌਜੂਦਾ ਸਮੇਂ ਪੜ ਰਹੀਆਂ ਵਿਦਿਆਰਥਣਾਂ ਨਾਲ ਆਪਣੀ ਵਿਲੱਖਣ ਸਫਲਤਾ ਦੇ ਰਾਜ ਸਾਂਝੇ ਕਰਦਿਆਂ ਕਿਹਾ ਕਿ ਉਸ ਨੇ ਇਸ ਮੁਕਾਮ ‘ਤੇ ਪਹੁੰਚਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਅਤੇ ‘ਨਿਸ਼ਾਨ-ਏ-ਸਿੱਖੀ’ ਦੇ ਅਧਿਆਪਕ ਸਾਹਿਬਾਨ ਦਾ ਇਸ ਵਿਚ ਵੱਡਾ ਯੋਗਦਾਨ ਰਿਹਾ। ਉਸ ਨੇ ਕਿਹਾ ਕਿ ਗੁਰਬਾਣੀ ਨਾਲ ਲਗਨ ਹੋਣ ਕਰਕੇ ਪਰਮਾਤਮਾ ਨੇ ਉਸ ‘ਤੇ ਕਿਰਪਾ ਕੀਤੀ। ਬਾਬਾ ਸੇਵਾ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਸ ਨੇ ਕਿਹਾ ਕਿ ਲੜਕੀਆਂ ਵਾਸਤੇ ਉੱਚ ਪੱਧਰੀ ਪੜਾਈ ਦਾ ਪ੍ਰਬੰਧ ਕਰਕੇ ਉਹ ਬੜਾ ਮਹਾਨ ਉਪਰਾਲਾ ਕਰ ਰਹੇ ਹਨ।
ਡਾ. ਰਘਬੀਰ ਸਿੰਘ ਬੈਂਸ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਗਦੀਪ ਕੌਰ ਨੇ ਇਹ ਸ਼ਾਨਦਾਰ ਪ੍ਰਾਪਤੀ ਕਰਕੇ ਜਿਥੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ , ਉਥੇ ਕੌਮ ਦਾ ਨਾਂ ਵੀ ਰੌਸ਼ਨ ਕੀਤਾ ਹੈ। ਉਹਨਾਂ ਨੇ ਲੜਕੀ ਨੂੰ ਹੋਰ ਵੀ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਇੰਸਟੀਚਿਊਟ ਦੇ ਡਾਇਰੈਕਟਰ ਸ. ਬਲਦੇਵ ਸਿੰਘ ਸੰਧੂ ਨੇ ਸਮਾਗਮ ਵਿਚ ਉਚੇਚੇ ਤੌਰ ‘ਤੇ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਕਰਨ ਤੋਂ ਇਲਾਵਾ ਦੱਸਿਆ ਕਿ ਇੰਸਟੀਚਿਊਟ ਵਲੋਂ ਲੜਕੀਆਂ ਨੂੰ ਪੁਲਿਸ ਅਤੇ ਹੋਰ ਫੋਰਸਾਂ ਵਿਚ ਭਰਤੀ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਉਹਨਾਂ ਨੂੰ ਤਿਆਰੀ ਬਿਲਕੁਲ ਮੁਫ਼ਤ ਕਰਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਹੀ ਇਥੋਂ ਇਕ ਹੋਰ ਲੜਕੀ ਸਬ-ਇੰਸਪੈਟਕਰ ਭਰਤੀ ਹੋਈ ਸੀ ਅਤੇ ਕੁੱਲ ਮਿਲਾ ਕੇ 300 ਤੋਂ ਜ਼ਿਆਦਾ ਲੜਕੀਆਂ ਇਥੋਂ ਸਿਖਲਾਈ ਲੈ ਕੇ ਭਰਤੀ ਹੋ ਚੁੱਕੀਆਂ ਹਨ। ਇਸ ਮੌਕੇ ਅਮਰੀਕਾ ਤੋਂ ਪਹੁੰਚੇ ਸ. ਮਹਿੰਦਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਬਾਬਾ ਸੇਵਾ ਸਿੰਘ ਵਲੋਂ ਜਗਦੀਪ ਕੌਰ ਦਾ ਸਿਰਪਾਓ ਅਤੇ ਯਾਦਗਾਰੀ ਚਿੰਨ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਗਦੀਪ ਕੌਰ ਦਾ ਸਮੁੱਚਾ ਪਰਿਵਾਰ, ਬਾਬਾ ਬਲਦੇਵ ਸਿੰਘ, ਸ. ਗੁਰਸ਼ਰਨਜੀਤ ਸਿੰਘ ਮਾਨ, ਸ. ਪਿਆਰਾ ਸਿੰਘ, ਸ. ਕਾਬਲ ਸਿੰਘ ਅਤੇ ਸਮੂਹ ਵਿਦਿਆਰਥਣਾਂ ਹਾਜ਼ਰ ਸਨ।