
Chief Guest Manpreet Singh IAS (center), Principal Dr. Surinder Bangar, Dr. Kuldeep Singh, Dr. Gian Singh on stage
ਤੀਜੀ ਆਲਮੀ ਜੰਗ ਪਾਣੀ ਨੂੰ ਲੈ ਕੇ ਹੋਣ ਦਾ ਖਦਸ਼ਾ – ਮਾਹਿਰ
ਬੋਰਡ ਚੇਅਰਮੈਨ ਨੇ ਕਾਰ ਸੇਵਾ ਖਡੂਰ ਸਾਹਿਬ ਦੇ ਕੁਦਰਤ-ਪੱਖੀ ਬੈਗ ਲਈ ਦਿੱਤੇ 1 ਲੱਖ ਰੁਪਏ
ਖਡੂਰ ਸਾਹਿਬ, 21 ਮਾਰਚ – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਾਰ ਸੇਵਾ ਖਡੂਰ ਸਾਹਿਬ ਅਤੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸੰਸਾਰ ਪਾਣੀ ਦਿਹਾੜੇ ‘ਤੇ ‘ਪਾਣੀ ਅਤੇ ਕੁਦਰਤ-ਪੱਖੀ ਵਿਕਾਸ’ ਵਿਸ਼ੇ ‘ਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਆਡੀਟੋਰੀਅਮ ਵਿਚ ਰਾਜ ਪੱਧਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਬੋਰਡ ਦੇ ਚੇਅਰਮੈਨ ਸ. ਮਨਪ੍ਰੀਤ ਸਿੰਘ ਆਈ.ਏ.ਐੱਸ. ਨੇ ਬਤੌਰ ਮੁੱਖ ਮਹਿਮਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਘੇ ਸਿੱਖਿਆ ਸਾਸ਼ਤਰੀ ਡਾ. ਕੁਲਦੀਪ ਸਿੰਘ ਅਤੇ ਅਰਥ-ਸ਼ਾਸ਼ਤਰੀ ਡਾ. ਗਿਆਨ ਸਿੰਘ ਨੇ ਬਤੌਰ ਮੁੱਖ ਵਕਤਾ ਵਜੋਂ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।
ਸੈਮੀਨਾਰ ਦਾ ਆਗਾਜ਼ ਨਿਸ਼ਾਨ-ਏ-ਸਿੱਖੀ ਦੇ ਧਰਮ ਅਧਿਐਨ ਦੇ ਵਿਦਿਆਰਥੀਆਂ ਨੇ ਅਰੰਭ ਵਿਚ ਗੁਰਬਾਣੀ ਵਿਚਲੇ ਪਾਣੀ ਦੀ ਅਹਿਮੀਅਤ ਦਰਸਾਉਂਦੇ ਰਸਭਿੰਨੇ ਸ਼ਬਦਾਂ ਦੇ ਗਾਇਨ ਨਾਲ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵਲੋਂ ਪਾਣੀ ਵਰਗੇ ਬੇਸ਼ਕੀਮਤੀ ਕੁਦਰਤੀ ਸਰੋਤ ਦੀ ਰਾਖੀ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਾਕਫੀਅਤ ਕਰਵਾਈ।
ਇਸ ਮੌਕੇ ਸੰਬੋਧਨ ਕਰਦਿਆਂ ਸ. ਮਨਪ੍ਰੀਤ ਸਿੰਘ ਆਈ.ਏ.ਐਸ. ਨੇ ਕਿਹਾ ਕਿ ਪਾਣੀ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਖੇਤੀ ਅਤੇ ਸਨਅਤੀ ਖੇਤਰ ਵਿਚ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੇ ਬਿਨਾਂ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ ਅਤੇ ਘਰਾਂ ਵਿਚ ਵੀ ਇਸ ਗੱਲ ਦਾ ਖਾਸ ਖਿਆਲ ਰੱਖਣਾ ਲੋੜੀਂਦਾ ਹੈ। ਉਹਨਾਂ ਕਿਹਾ ਕਿ ਅੱਜਕਲ ਘਰਾਂ ਦਾ ਕੂੜਾ-ਕਰਕਟ ਏਨਾ ਵਧ ਰਿਹਾ ਹੈ ਕਿ ਇਸ ਲਈ ਸਮਾਜਿਕ ਲਹਿਰ ਪੈਦਾ ਕਰਨੀ ਜਰੂਰੀ ਬਣ ਗਈ ਹੈ।
ਡਾ. ਗਿਆਨ ਸਿੰਘ ਨੇ ਪਾਣੀ ਦੇ ਪ੍ਰਦੂਸ਼ਣ ਅਤੇ ਇਸ ਸਬੰਧੀ ਪੈਦਾ ਹੋਏ ਸੰਕਟ ਪਿੱਛੇ ਕੁਦਰਤ-ਵਿਰੋਧੀ ਵਿਕਾਸ ਮਾਡਲ ਨੂੰ ਉਤਰਦਾਈ ਮੰਨਿਆ ਅਤੇ ਇਸ ਦੇ ਪਿਛੋਕੜ ‘ਤੇ ਚਾਨਣਾ ਪਾਇਆ। ਉਹਨਾਂ ਨੇ ਇਹ ਗੱਲ ਬੜੀ ਸ਼ਿੱਦਤ ਨਾਲ ਕਹੀ ਕਿ ਕੇਂਦਰ ਸਰਕਾਰ ਨੇ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਲਈ ਪੰਜਾਬ ਦੇ ਅਣਮੁੱਲੇ ਕੁਦਰਤੀ ਸਾਧਨਾਂ ਦੀ ਅੰਨੀ-ਦੁਰਵਰਤੋਂ ਅਤੇ ਜ਼ਹਿਰਾਂ ਦੀ ਵਰਤੋਂ ਨੂੰ ਉਤਸ਼ਾਹ ਕੀਤਾ, ਜਿਸ ਦੇ ਸਿੱਟੇ ਵਜੋਂ ਪੰਜਾਬ ਜਿਥੇ ਪਾਣੀ ਦੇ ਮਾਮਲੇ ਵਿਚ ਕੰਗਾਲ ਹੋ ਗਿਆ ਹੈ, ਉਥੇ ਇਸ ਨਾਲ ਆ ਰਹੀ ਸਿਹਤ ਨਿਘਾਰ ਨੇ ਸੂਬੇ ਨੂੰ ਸਰੀਰਕ ਮੌਤ ਵੱਲ ਧੱਕ ਦਿੱਤਾ ਹੈ। ਉਹਨਾਂ ਨੇ ਪੰਜਾਬ ਨੂੰ ਝੋਨੇ ਜੋ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਖਤਰਨਾਕ ਤਰੀਕੇ ਨਾਲ ਹੇਠਾਂ ਡਿੱਗਣ ਦਾ ਮੁੱਖ ਕਾਰਨ ਹੈ, ਦਾ ਬਦਲ ਸੂਬੇ ਦੀ ਜਲਵਾਯੂ ਦੇ ਮੱਦੇਨਜਰ ਰੱਖ ਕੇ ਲੱਭਣ ‘ਤੇ ਜੋਰ ਦਿੱਤਾ। ਉਹਨਾਂ ਨੇ ਪੰਜਾਬ ਦੇ ਸੀਮਤ ਦਰਿਆਈ ਪਾਣੀਆਂ ਨੂੰ ਗੈਰ-ਕਨੂੰਨੀ ਢੰਗ ਨਾਲ ਦੂਜੇ ਰਾਜਾਂ ਨੂੰ ਦਿੱਤੇ ਜਾਣ ਦੇ ਅਮਲ ਦਾ ਮੁੱਦਾ ਵੀ ਉਠਾਇਆ। ਡਾ. ਕੁਲਦੀਪ ਸਿੰਘ ਨੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਬੰਦਾ ਕੁਦਰਤ ਨਾਲੋਂ ਆਪਣਾ ਸਬੰਧ ਤੋੜਦਾ ਹੈ, ਉਦੋਂ ਕੁਦਰਤ ਤਬਾਹੀ ਲਿਆਉਂਦੀ ਹੈ। ਉਹਨਾਂ ਨੇ ਕਿਹਾ ਕਿ 20ਵੀਂ ਸਦੀ ਵਿਚ ਵੱਖ-ਵੱਖ ਦੇਸ਼ਾਂ ਵਿਚਕਾਰ ਖਣਿਜ ਤੇਲ ਨੂੰ ਲੈ ਕੇ ਜੰਗ ਹੋਈ ਹੈ ਅਤੇ 21ਵੀਂ ਸਦੀ ਵਿਚ ਪਾਣੀ ਨੂੰ ਲੈ ਕੇ ਹੋਵੇਗੀ ਜੋ ਕਿ ਤੀਜੀ ਆਲਮੀ ਜੰਗ ਦਾ ਰੂਪ ਧਾਰਨ ਕਰ ਸਕਦੀ ਹੈ। ਉਹਨਾਂ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਸਮੂਹਿਕ ਯਤਨਾਂ ਨਾਲ ਹੀ ਹੱਲ ਹੋ ਸਕਦੀ ਹੈ। ਇਸ ਮਾਮਲੇ ਵਿਚ ਪੱਛਮੀ ਵਿਕਸਿਤ ਮੁਲਕਾਂ ਵਲੋਂ ਨਾਂਹ-ਪੱਖੀ ਨਿਭਾਏ ਜਾਣ ਤੇ ਵਿਕਾਸਸ਼ੀਲ ਦੇਸ਼ਾਂ ਨੂੰ ਨਜਾਇਜ ਢੰਗ ਨਾਲ ਦੋਸ਼ੀ ਠਹਿਰਾਏ ਜਾਣ ਦੀ ਵੀ ਉਹਨਾਂ ਨੇ ਸਖਤ ਅਲੋਚਨਾ ਕੀਤੀ।
ਬੋਰਡ ਦੇ ਮੁੱਖ ਵਾਤਾਵਰਨ ਇੰਜੀਨੀਅਰ ਜੀ.ਐਸ. ਮਜੀਠੀਆ ਨੇ ਆਏ ਪਤਵੰਤਿਆਂ ਨੂੰ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਕਾਲਜ ਦੇ ਵਿਦਿਆਰਥੀ ਹਰਪਾਲ ਸਿੰਘ ਨੇ ‘ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ’ ਵਰਗਾ ਪ੍ਰੇਰਨਾਦਾਇਕ ਗੀਤ ਪੇਸ਼ ਕੀਤਾ। ਕਾਰ ਸੇਵਾ ਖਡੂਰ ਸਾਹਿਬ ਵਲੋਂ ਬਾਬਾ ਬਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਨੂੰ ਕਾਰ ਸੇਵਾ ਖਡੂਰ ਸਾਹਿਬ ਵਲੋਂ ਬੀ.ਐੱਡ ਕਾਲਜ ਖਡੂਰ ਸਾਹਿਬ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਤਿਆਰ ਕੀਤੇ ਈਕੋ-ਫਰੈਂਡਲੀ ਝੋਲਾ ਭੇਂਟ ਕੀਤਾ। ਸ.ਮਨਪ੍ਰੀਤ ਸਿੰਘ ਨੇ ਇਸ ਉੱਦਮ ਤੋਂ ਪ੍ਰਭਾਵਿਤ ਹੋ ਕਿ ਇਸ ਕਾਰਜ ਦਾ ਘੇਰਾ ਹੋਰ ਵਧਾਉਣ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਬੋਰਡ ਦੇ ਵਿਗਿਆਨਕ ਅਫਸਰ ਅਤੇ ਪਬਲਿਕ ਰੀਲੇਸ਼ਨ ਅਫਸਰ ਡਾ. ਚਰਨਜੀਤ ਸਿੰਘ ਨਾਭਾ ਨੇ ਜਿਥੇ ਮੰਚ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ, ਉਥੇ ਪਾਣੀ ਦੇ ਸੰਕਟ ਦੇ ਵੱਖ-ਵੱਖ ਪੱਖਾਂ ਤੇ ਨਤੀਜਿਆਂ ਬਾਰੇ ਰੌਸ਼ਨੀ ਪਾਈ।
ਇਸ ਮੌਕੇ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਕੁਲਦੀਪ ਸਿੰਘ, ਸੀਨੀਅਰ ਵਾਤਾਵਰਨ ਇੰਜੀਨੀਅਰ ਕੁਲਵੰਤ ਸਿੰਘ, ਬੋਰਡ ਦੇ ਮੈਂਬਰ ਸਕੱਤਰ ਡਾ. ਬਾਬੂ ਰਾਮ, ਬਾਬਾ ਬਲਦੇਵ ਸਿੰਘ, ਟਰੱਸਟ ਦੇ ਸਕੱਤਰ ਸ. ਅਵਤਾਰ ਸਿੰਘ ਬਾਜਵਾ, ਸ. ਪਿਆਰਾ ਸਿੰਘ, ਸ. ਵਰਿਆਮ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਕੁਲਦੀਪ ਸਿੰਘ, ਡਾ. ਕਮਲਜੀਤ ਸਿੰਘ, ਪ੍ਰੋ. ਸਿਮਰਪ੍ਰੀਤ ਕੌਰ, ਸਕੂਲ ਡਾਇਰੈਕਟਰ ਸ. ਗੁਰਦਿਆਲ ਸਿੰਘ ਗਿੱਲ ਤੋਂ ਇਲਾਵਾ ਕਾਰ ਸੇਵਾ ਖਡੂਰ ਸਾਹਿਬ ਅਧੀਨ ਚਲਦੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਤੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।