’ਨਿਸ਼ਾਨ-ਏ-ਸਿੱਖੀ’ ਦੇ 6 ਵਿਦਿਆਰਥੀਆਂ ਨੇ ਸਰ ਕੀਤਾ ਆਈ.ਆਈ.ਟੀ (ਮੇਨ) ਇਮਤਿਹਾਨ ਖਡੂਰ ਸਾਹਿਬ, 28 ਅਪ੍ਰੈਲ – ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ‘ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਸਟੱਡੀਜ਼’ ਖਡੂਰ ਸਾਹਿਬ ਦੇ 6 ਵਿਦਿਆਰਥੀਆਂ ਨੇ ਆਈ.ਆਈ.ਟੀ. (ਮੇਨ) ਦਾ ਇਮਤਿਹਾਨ ਸਰ ਕੀਤਾ ਹੈ। ਅੱਜ ਐਲਾਨੇ ਗਏ ਇਮਤਿਹਾਨ ਦੇ ਨਤੀਜੇ ਮੁਤਾਬਕ ਸਿਮਰਨਜੀਤ ਸਿੰਘ ਨੇ 157, ਪਵਲੀਨ ਕੌਰ ਨੇ 150, ਗੁਨਵੀਨ ਕੌਰ ਨੇ 124, ਅਮ੍ਰਿੰਤਪਾਲ ਸਿੰਘ ਥਿੰਦ ਨੇ 115, ਤਰਲੋਚਨ ਸਿੰਘ ਨੇ 105 ਅਤੇ ਤਜਿੰਦਰ ਕੌਰ ਨੇ 104 ਅੰਕ ਹਾਸਲ ਕਰਕੇ ਬੇਹੱਦ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਡਾਇਰੈਕਟਰ ਸ. ਗੁਰਸ਼ਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕ ਕੋਆਰਡੀਨੇਟਰ ਸ੍ਰੀ ਪੰਕਜ ਕੁਮਾਰ (ਬਾਇਓਲੋਜੀ) ਅਤੇ ਉਹਨਾਂ ਦੇ ਸਹਿਯੋਗੀ ਅਧਿਆਪਕਾਂ ਵਿੰਕੁਲ ਪ੍ਰਕਾਸ਼ (ਫਿਜ਼ਿਕਸ), ਡਾ. ਬਿਭਾਂਸ਼ੂ ਗੁਪਤਾ (ਕੈਮਿਸਟਰੀ) ਅਤੇ ਅਨੰਦ ਕੁਮਾਰ ਝਾਅ (ਗਣਿਤ) ਨੂੰ ਜਾਂਦਾ ਹੈ, ਜਿਹਨਾਂ ਨੇ ਵਿਦਿਆਰਥੀਆਂ ਨੂੰ ਇਸ ਯੋਗ ਬਣਾਇਆ। ਬਾਬਾ ਸੇਵਾ ਸਿੰਘ ਨੇ ਖਾਸ ਤੌਰ ‘ਤੇ ਕਾਮਯਾਬ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ। ਜਿਕਰਯੋਗ ਹੈ ਕਿ ਇਸ ਇੰਸਟੀਚਿਊਟ ਵਿਚ ਵਿਦਿਆਰਥੀਆਂ ਨੂੰ ਇੰਟਗਰੇਟਿਡ ਕੋਰਸ ਤਹਿਤ 10+1 ਅਤੇ 10+2 ਕਰਵਾਏ ਜਾਣ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਆਈ.ਆਈ.ਟੀ. (ਮੇਨ ਐਂਡ ਐਡਵਾਂਸ), ਏ.ਆਈ.ਈ.ਈ.ਈ, ਪੀ.ਐਮ.ਟੀ, ‘ਏਮਜ਼’ ਸਮੇਤ ਇੰਜੀਨੀਅਰਿੰਗ ਤੇ ਮੈਡੀਕਲ ਖੇਤਰ ਦੇ ਉੱਚ-ਪੱਧਰੀ ਪ੍ਰਵੇਸ਼ ਇਮਤਿਹਾਨਾਂ ਦੀ ਤਿਆਰੀ ਉੱਚ-ਯੋਗਤਾ ਵਾਲੇ ਤਜ਼ਰਬਕਾਰ ਅਧਿਆਪਕ ਸਾਹਿਬਾਨ ਰਾਹੀਂ ਕਰਵਾਈ ਜਾਂਦੀ ਹੈ। ਇਥੋਂ ਪੜਾਈ ਕਰਕੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੈਡੀਕਲ ਅਤੇ ਇੰਜੀਨੀਅਰਿੰਗ ਖੇਤਰ ਦੇ ਉੱਚ ਇਮਤਿਹਾਨ ਸਰ ਕਰ ਚੁੱਕੇ ਹਨ।