ਖਡੂਰ ਸਾਹਿਬ, 30 ਅਪ੍ਰੈਲ – ਕਾਰ ਸੇਵਾ ਖਡੂਰ ਸਾਹਿਬ ਅਧੀਨ ਚਲਦੇ ‘ਨਿਸ਼ਾਨ-ਏ-ਸਿੱਖੀ ਪਰੈਪਰੇਟਰੀ ਇੰਸਟੀਚਿਊਟ’ ਵਿਖੇ ਐਨ.ਡੀ.ਏ. ਇਮਤਿਹਾਨ ਦੇ ਦੋ ਸਾਲਾ ਤਿਆਰੀ ਕੋਰਸ ਲਈ ਕਲਾਸਾਂ ਸ਼ੁਰੂ ਹੋ ਗਈਆਂ ਹਨ। ਇਸ ਕੋਰਸ ਲਈ ਦੇਸ਼ ਭਰ ਤੋਂ ਚੁਣੇ ਗਏ ਕੁੱਲ 80 ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਨਿਸ਼ਾਨ-ਏ-ਸਿੱਖੀ ਆਡੀਟੋਰੀਅਮ ਵਿਚ ਇਕ ਵਿਸ਼ੇਸ਼ ਇਕੱਤਰਤਾ ਸੱਦੀ ਗਈ, ਜਿਸ ਨੂੰ ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਅਤੇ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਆਰ.ਐੱਸ. ਛਤਵਾਲ (ਰਿਟਾ) ਨੇ ਸੰਬੋਧਨ ਕੀਤਾ। ਬਾਬਾ ਸੇਵਾ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮੂਹ ਵਿਦਿਆਰਥੀਆਂ ਨੂੰ ਅਕਾਲ-ਪੁਰਖ ਦਾ ਓਟ-ਆਸਰਾ ਲੈ ਕੇ ਆਪਣੀ ਪੜਾਈ ਸ਼ੁਰੂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੜਾਈ ਇਕ ਤਪੱਸਿਆ ਵਾਂਗ ਹੈ ਤੇ ਜਿਹੜਾ ਇਹ ਤਨਦੇਹੀ ਨਾਲ ਕਰ ਲੈਂਦਾ ਹੈ, ਸਫਲਤਾ ਉਸ ਦੇ ਪੈਰ ਚੁੰਮਦੀ ਹੈ। ਉਹਨਾਂ ਜਿਥੇ ਵਿਦਿਆਰਥੀਆਂ ਨੂੰ ਉਹਨਾਂ ਦੇ ਰੌਸ਼ਨ ਭਵਿੱਖ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ, ਉਥੇ ਮਾਪਿਆਂ ਨੂੰ ਵੀ ਸਹਿਯੋਗ ਕਰਨ ਦੀ ਬੇਨਤੀ ਕੀਤੀ। ਜਨਰਲ ਛਤਵਾਲ ਨੇ ਪ੍ਰੋਜੈਕਟਰ ਰਾਹੀਂ ਕੋਰਸ ਦਾ ਵਿਸਥਾਰ ਸਾਰਿਆਂ ਨਾਲ ਸਾਂਝਾ ਕੀਤਾ। ਇਸ ਮੌਕੇ ਮਾਪਿਆਂ ਨਾਲ ਅਧਿਆਪਕ ਸਾਹਿਬਾਨ ਦੀ ਜਾਣ-ਪਛਾਣ ਵੀ ਕਰਵਾਈ ਗਈ। ਜਿਕਰਯੋਗ ਹੈ ਕਿ ਜਨਰਲ ਛਤਵਾਲ ਦੀ ਅਗਵਾਈ ਵਿਚ ਇਸ ਇੰਸਟੀਚਿਊਟ ਦਾ ਕਾਇਆ-ਕਲਪ ਕਰਕੇ ਨਵੇਂ ਸਿਰਿਓਂ ਇਸ ਕੋਰਸ ਦੀ ਮੁੜ ਸ਼ੁਰੂਆਤ ਕੀਤੀ ਗਈ ਹੈ, ਜਿਸ ਲਈ ਫੌਜ ਦੇ ਕਈ ਉੱਚ ਅਧਿਕਾਰੀਆਂ ਅਤੇ ਚੰਡੀਗੜ ਇਕ ਵੱਕਾਰੀ ਅਕੈਡਮੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਇਹੀ ਨਹੀਂ, ਵਿਦਿਆਰਥੀਆਂ ਲਈ ਕਈ ਅਤਿ-ਆਧੁਨਿਕ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਤਿੱਖੀ ਚੋਣ ਪ੍ਰਣਾਲੀ ਰਾਹੀਂ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ। ਇਸ ਵਾਰ ਵਿਦਿਆਰਥੀਆਂ ਹੋਸਟਲ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਮੌਕੇ ਮੇਜਰ ਕੰਵਲਜੀਤ ਸਿੰਘ ਸੇਖੋਂ, ਮੈਡਮ ਬਲਰਾਜ ਕੌਰ, ਸ੍ਰੀ ਗੋਪਾਲ ਆਦਿ ਹਾਜ਼ਰ ਸਨ।