ਖਡੂਰ ਸਾਹਿਬ, 16 ਮਈ – ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ‘ਨਿਸ਼ਾਨ-ਏ-ਸਿੱਖੀ ਪਰੇਪਰੇਟਰੀ ਇੰਸਟੀਚਿਊਟ’ ਵਲੋਂ ਆਪਣੇ ਐਨ.ਡੀ.ਏ. ਕੈਡਿਟਾਂ ਲਈ ‘ਜਿੰਦਗੀ ਦਾ ਟੀਚਾ ਕਿਵੇਂ ਸਰ ਕਰੀਏ’ ਵਿਸ਼ੇ ‘ਤੇ ਵਿਸ਼ੇਸ ਲੈਕਚਰ ਕਰਵਾਇਆ ਗਿਆ, ਜਿਸ ਵਿਚ ਉਘੇ ਸਿੱਖਿਆ ਸ਼ਾਸਤਰੀ ਅਤੇ ‘ਅਮਿਟੀ’ ਯੂਨੀਵਰਸਿਟੀ ਨਾਇਡਾ (ਉੱਤਰ ਪ੍ਰਦੇਸ਼) ਦੇ ਮੀਤ ਪ੍ਰਧਾਨ ਕਰਨਲ (ਡਾ) ਐਸ.ਪੀ. ਸਿੰਘ ਨੇ ਮੁੱਖ ਵਕਤਾ ਵਜੋਂ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ | ਆਪਣੇ ਭਾਸ਼ਣ ਦੌਰਾਨ ਕਰਨਲ ਐਸ.ਪੀ. ਸਿੰਘ ਨੇ ਵਿਦਿਆਰਥੀਆਂ ਨਾਲ ਜਿਥੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ, ਉਥੇ ਉਹਨਾਂ ਨੂੰ ਆਪਣੇ ਟੀਚੇ ਵੱਲ ਧਿਆਨ ਕੇਂਦਰਿਤ ਕਰਨ ਦੀ ਪ੍ਰੇਰਨਾ ਦਿੰਦਿਆਂ ਸਿਆਣਪ ਭਰਪੂਰ ਕੀਮਤੀ ਵਿਚਾਰ ਸਾਂਝੇ ਕੀਤੇ | ਉਹਨਾਂ ਨੇ ਕਿਹਾ ਕਿ ਵਿਅਕਤੀ ਦੇ ਅਵਚੇਤਨ ਵਿਚ ਬੜੀ ਤਾਕਤ ਹੁੰਦੀ ਹੈ, ਜਿਸ ਦੀ ਵਰਤੋਂ ਆਪਣੇ ਮਿਸ਼ਨ ਨੂੰ ਸਰ ਕਰਨ ਲਈ ਕੀਤੀ ਜਾ ਸਕਦੀ ਹੈ | ਉਹਨਾਂ ਨੇ ਕਦਰਾਂ-ਕੀਮਤਾਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਫ਼ਲਤਾ ਹਾਸਲ ਕਰਨ ਲਈ ਅਤੇ ਜ਼ਿੰਦਗੀ ਨੂੰ ਅਨੰਦਮਈ ਬਣਾਉਣ ਲਈ ਕਦਰਾਂ-ਕੀਮਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ | ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਆਪਣੀ ਸਮਰੱਥਾ ਨੂੰ ਵਧਾਉਣ ਲਈ ਸਮਾਂ-ਪ੍ਰਬੰਧਨ ਅਤੇ ਵਿਹਾਰਕ ਤਕਨੀਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ | ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਆਰ.ਐੱਸ. ਛਤਵਾਲ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ | ਸ਼੍ਰੀਮਤੀ ਛਤਵਾਲ ਅਤੇ ਮੇਜਰ ਕੰਵਲਜੀਤ ਸਿੰਘ ਸੇਖੋਂ (ਰਿਟਾ) ਨੇ ਵੀ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਜਿਕਰਯੋਗ ਹੈ ਕਿ ਇਹ ਲੈਕਚਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸ਼ੁਰੂ ਕੀਤੀ ਗਈ ਗੈਸਟ ਲੈਕਚਰਾਂ ਦੀ ਲੜੀ ਦਾ ਪਲੇਠਾ ਲੈਕਚਰ ਸੀ | ਇਥੇ ਵਿਦਿਆਰਥੀਆਂ ਨੂੰ ਐਨ.ਡੀ.ਏ. ਦੇ ਇਮਤਿਹਾਨ ਦੀ ਤਿਆਰੀ ਉਚ-ਯੋਗਤਾ ਵਾਲੇ ਅਤੇ ਤਜ਼ਰਬੇਕਾਰ ਅਧਿਆਪਕਾਂ ਪਾਸੋਂ ਕਰਵਾਈ ਜਾਂਦੀ ਹੈ |
- Home»
- Latest News and Events»
- ਨਿਸ਼ਾਨ-ਏ-ਸਿੱਖੀ ਦੇ ਐਨ.ਡੀ.ਏ. ਕੈਡਿਟਾਂ ਲਈ ‘ਜਿੰਦਗੀ ਦਾ ਟੀਚਾ ਕਿਵੇਂ ਸਰ ਕਰੀਏ’ ਵਿਸ਼ੇ ‘ਤੇ ਲੈਕਚਰ