• 9849-xxx-xxx
  • nsikhi@yahoo.in
  • Khadur Sahib, Tarn-Taran, PB.

ਕਾਰਬਨ ਨਿਕਾਸ- ਪ੍ਰਭਾਵ ਤੇ ਹੱਲ ਵਿਸ਼ੇ ਤੇ ਆਧਾਰਿਤ ਇੱਕ ਰਾਜ ਪੱਧਰੀ ਸੈਮੀਨਾਰ ਦਾ ਆਯੋਜਨ

ਉੱਚ ਕੋਟੀ ਦੇ ਵਿਦਵਾਨਾਂ ਵੱਲੋਂ ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਪ੍ਰਤੀ ਪ੍ਰਗਟਾਈ ਡੂੰਘੀ ਚਿੰਤਾ।

ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕਾਰਬਨ ਨਿਕਾਸ- ਪ੍ਰਭਾਵ ਤੇ ਹੱਲ ਵਿਸ਼ੇ ਤੇ ਆਧਾਰਿਤ ਇੱਕ ਰਾਜ ਪੱਧਰੀ ਸੈਮੀਨਾਰ ਦਾ ਆਯੋਜਨ

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਅਤੇ ਕਾਰ ਸੇਵਾ ਖਡੂਰ ਸਾਹਿਬ ਦਾ ਸਾਂਝੇ ਸਹਿਯੋਗ ਸਦਕਾ ਵਾਤਾਵਰਣ ਦੀ ਸੰਭਾਲ ਮੁਹਿੰਮ ਤਹਿਤ ਇੱਕ ਰਾਜ ਪੱਧਰੀ ਸੈਮੀਨਾਰ ‘ਕਾਰਬਨ ਨਿਕਾਸ – ਪ੍ਰਭਾਵ ਤੇ ਹੱਲ’ ਵਿਸ਼ੇ ਉੱਪਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਪ੍ਰੋ. ਡਾ. ਆਦਰਸ਼ ਪਾਲ ਵਿਗ, ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ. ਨਿਰਮਲਜੀਤ ਸਿੰਘ ਰੰਧਾਵਾ ਆਈ.ਐੱਸ.ਐੱਫ., ਚੀਫ ਕੰਜ਼ਰਵੇਟਰ, ਜੰਗਲਾਤ ਵਿਭਾਗ ਪੰਜਾਬ ਅਤੇ ਇੰਜ. ਗੁਰਿੰਦਰ ਸਿੰਘ ਮਜੀਠੀਆ, ਮੈਬਰ ਸਕੱਤਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇਸ ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਰਹੇ। ਸੈਮੀਨਾਰ ਮੁੱਖ ਤੌਰ ਤੇ ਅੱਜ ਦੇ ਸਮੇਂ ਵਿੱਚ ਮਨੁੱਖੀ ਗਤੀਵਿਧੀਆਂ ਦੇ ਕਾਰਨ ਵੱਧ ਰਹੀ ਆਲਮੀ ਤਪਸ਼ ਅਤੇ ਕਾਰਬਨ ਦੇ ਵੱਧ ਰਹੇ ਪੱਧਰ, ਉਸ ਦੇ ਮਾਰੂ ਪ੍ਰਭਾਵਾਂ ਅਤੇ ਇਸ ਸਮੱਸਿਆਂ ਦੇ ਹੱਲ ਲਈ ਆਯੋਜਿਤ ਕੀਤਾ ਗਿਆ। ਇਸ ਵਿਸ਼ੇ ਉੱਪਰ ਵਿਗਿਆਨਿਕ ਤੱਥਾਂ ਤੇ ਆਧਾਰਿਤ ਆਪਣੇ ਖੋਜ ਪਰਚਿਆਂ ਰਾਹੀਂ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਪੰਜਾਬ ਰਾਜ ਦੀਆਂ ਵਾਤਾਵਰਣ ਸੰਬੰਧੀ ਕਾਰਜ ਕਰ ਰਹੀਆਂ ਸੰਸਥਾਵਾਂ ਦੇ ਬਹੁਤ ਹੀ ਉੱਚ ਕੋਟੀ ਦੇ ਵਿਦਵਾਨਾਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸੈਮੀਨਾਰ ਦੀ ਸ਼ੁਰੂਆਤ ਮੂਲ-ਮੰਤਰ ਦੇ ਜਾਪ ਨਾਲ ਕੀਤੀ ਗਈ। ਉਪਰੰਤ ਸ. ਜਸਵਿੰਦਰਪਾਲ ਸਿੰਘ, ਡਾਇਰੈਕਟਰ ਵਾਤਾਵਰਣ ਵਿਭਾਗ, ਨਿਸ਼ਾਨ-ਏ-ਸਿੱਖੀ, ਕਾਰ ਸੇਵਾ ਖਡੂਰ ਸਾਹਿਬ, ਵੱਲੋਂ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਸ. ਜਗਰੂਪ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸੰਸਥਾ ਵੱਲੋਂ ਵਾਤਾਵਰਣ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਬਹੁਤ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੇ ਪਹਿਲੇ ਬੁਲਾਰੇ ਡਾ. ਰਾਜਬੀਰ ਸਿੰਘ, ਬੋਟਨੀ ਵਿਭਾਗ ਖ਼ਾਲਸਾ ਕਾਲਜ, ਅੰਮ੍ਰਿਤਸਰ ਨੇ ਵਾਤਾਵਰਣ ਅਤੇ ਮਨੁੱਖੀ ਸਿਹਤ ਵਿਸ਼ੇ ਉੱਪਰ ਆਪਣਾ ਭਾਸ਼ਣ ਦਿੱਤਾ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਗੁਰਬਾਣੀ ਦੀ ਪੰਕਤੀ ‘ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ’ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕਿਵੇਂ ਸਾਡਾ ਆਲਾ-ਦੁਆਲਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਤਰ੍ਹਾਂ ਦੇ ਵਾਤਾਵਰਣ ਵਿੱਚ ਅਸੀਂ ਸਾਹ ਲੈਂਦੇ ਹਾਂ, ਜਿਸ ਤਰ੍ਹਾਂ ਦਾ ਸਾਡਾ ਖਾਣ-ਪੀਣ ਹੈ, ਸਾਡਾ ਸਰੀਰ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਵਾ ਪ੍ਰਦੂਸ਼ਣ ਤੇ ਪਾਣੀ ਪ੍ਰਦੂਸ਼ਣ ਕਿਵੇਂ ਆਪਸ ਵਿੱਚ ਜੁੜੇ ਹੋਏ ਹਨ। ਜੇਕਰ ਇਨ੍ਹਾਂ ਵਿੱਚੋਂ ਇੱਕ ਵੀ ਗੰਦਲਾ ਹੁੰਦਾ ਹੈ ਤਾਂ ਦੂਜੇ ਤੇ ਵੀ ਇਸਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਆਪਣੇ ਭਾਸ਼ਣ ਦੌਰਾਨ ਡਾ. ਰਾਜਬੀਰ ਸਿੰਘ ਨੇ ਦੱਸਿਆਂ ਕਿ ਸਾਡੇ ਦੇਸ਼ ਵਿੱਚ ਇੱਕ ਵਿਅਕਤੀ ਦੇ ਹਿੱਸੇ ਵਿੱਚ 26 ਰੁੱਖ ਆਉਂਦੇ ਹਨ ਜਦਕਿ ਵਾਤਾਵਰਣ ਪ੍ਰਤੀ ਸੰਜੀਦਕ ਦੇਸ਼ਾਂ ਵਿੱਚ ਇਸ ਦੀ ਗਿਣਤੀ 10 ਹਜ਼ਾਰ ਤੋਂ ਉੱਪਰ ਹੈ, ਅਤੇ ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਨਹੀਂ ਤਾਂ ਇਸ ਦੇ ਮਾਰੂ ਪ੍ਰਭਾਵਾਂ ਦਾ ਆਉਣਾ ਸੁਭਾਵਿਕ ਹੈ। ਸੈਮੀਨਾਰ ਦੇ ਦੂਸਰੇ ਬੁਲਾਰੇ ਪ੍ਰੋ. ਡਾ. ਜਤਿੰਦਰ ਕੌਰ ਪ੍ਰੋਫੈਸਰ ਅਤੇ ਮੁਖੀ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਨੇ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਵਿਸ਼ੇ ਉੱਪਰ ਆਪਣੇ ਡੂੰਘੇ ਵਿਚਾਰ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਵਾਤਾਵਰਣ ਦੀਆਂ ਵੱਖ-ਵੱਖ ਪਰਤਾਂ ਕਿਵੇਂ ਆਪਣਾ ਕੰਮ ਕਰਦੀਆਂ ਹਨ ਅਤੇ ਸਭ ਤੋਂ ਅਹਿਮ ਓਜੋਨ ਪਰਤ ਕਿਵੇਂ ਧਰਤੀ ਉੱਤੇ ਮਨੁੱਖੀ ਹੋਂਦ ਨੂੰ ਬਚਾਈ ਰੱਖਣ ਵਿੱਚ ਸਹਾਈ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਵਾਤਾਵਰਣ ਨੂੰ ਦੋਸਤ ਬਣਾ ਕੇ ਹੀ ਕੁਦਰਤ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਲਾਹਾ ਲਿਆ ਜਾ ਸਕਦਾ ਹੈ, ਜੇਕਰ ਅਸੀਂ ਵਾਤਾਵਰਣ ਨੂੰ ਗੰਧਲਾ ਕਰਕੇ ਕੁਦਰਤ ਨੂੰ ਆਪਣਾ ਦੁਸ਼ਮਣ ਬਣਾ ਲਿਆ ਤਾਂ ਮਨੁੱਖੀ ਹੋਂਦ ਦਾ ਖਾਤਮਾ ਨਿਸ਼ਚਿਤ ਹੋਵੇਗਾ।
ਸੈਮੀਨਾਰ ਦੇ ਤੀਸਰੇ ਬੁਲਾਰੇ ਪ੍ਰੋ. ਡਾ. ਸਤਵਿੰਦਰਜੀਤ ਕੌਰ ਸਾਬਕਾ ਮੁਖੀ , ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਨੇ ਗਲੋਬਲ ਵਾਰਮਿੰਗ – ਜੈਵ-ਵਿਭਿੰਨਤਾ ਲਈ ਖਤਰਾ ਵਿਸ਼ੇ ਉੱਪਰ ਆਪਣਾ ਪਰਚਾ ਪੇਸ਼ ਕਰਦੇ ਹੋਏ ਵੱਧ ਰਹੀ ਆਲਮੀ ਤਪਸ਼ ਬਾਰੇ ਚਿੰਤਾ ਪ੍ਰਗਟ ਕੀਤੀ। ਉਹਨਾਂ ਨੇ ਦੱਸਿਆਂ ਕਿ ਮਨੁੱਖ ਕਿਵੇਂ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਜੈਵਿਕ ਈਂਧਨ ਨੂੰ ਬਾਲ ਕੇ ਆਲਮੀ ਤਪਸ਼ ਵਿੱਚ ਵਾਧਾ ਕਰ ਰਿਹਾ ਹੈ। ਅੰਤ ਵਿੱਚ ਉਹਨਾਂ ਆਖਿਆ ਕਿ ਇਸ ਨੂੰ ਰੋਕਣ ਦਾ ਇੱਕੋ ਇੱਕ ਹੱਲ ਹੈ ਵੱਧ ਤੋਂ ਵੱਧ ਰੁੱਖ ਲਗਾਉਣਾ ਕਿਉਂਕਿ ਰੁੱਖ ਵਾਤਵਾਰਣ ਵਿੱਚ ਛੱਡੀਆਂ ਗਈਆਂ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦੇ ਹਨ। ਸੈਮੀਨਾਰ ਦੇ ਚੌਥੇ ਬੁਲਾਰੇ ਸ. ਗੁਰਹਰਮਿੰਦਰ ਸਿੰਘ, ਸੰਯੁਕਤ ਨਿਰਦੇਸ਼ਕ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ; ਪੰਜਾਬ ਜੈਵ ਵਿਭਿੰਨਤਾ ਬੋਰਡ ਨੇ ਪੰਜਾਬ ਦਾ ਜਲਵਾਯੂ ਪਰਿਵਰਤਨ ਦੀਆਂ ਚਣੌਤੀਆਂ ਨੂੰ ਜਵਾਬ ਵਿਸ਼ੇ ਉੱਪਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ ਗ੍ਰੀਨ ਹਾਊਸ ਗੈਸਾਂ ਆਲਮੀ ਤਪਸ਼ ਵਿੱਚ ਵਾਧਾ ਕਰਨ ਲਈ ਜਿੰਮੇਵਾਰ ਹਨ ਅਤੇ ਇਹ ਗ੍ਰੀਨ ਹਾਊਸ ਗੈਸਾਂ ਨੂੰ ਵਧਾਉਣ ਵਿੱਚ ਮਨੁੱਖ ਸਿੱਧੇ ਤੇ ਅਸਿੱਧੇ ਤੌਰ ਤੇ ਆਪਣਾ ਯੋਗਦਾਨ ਪਾ ਰਿਹਾ ਹੈ, ਜੋ ਕਿ ਇੱਕ ਚਿੰਤਾਂ ਦਾ ਵਿਸ਼ਾ ਹੈ। ਉਹਨਾਂ ਨੇ ਵਿਗਿਆਨਿਕ ਪਰਚਿਆਂ ਰਾਹੀਂ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਭਾਰਤ ਇਹਨਾਂ ਗ੍ਰੀਨ ਹਾਊਸ ਗੈਸਾਂ ਵਿੱਚ ਵਿਸ਼ਵ ਵਿੱਚੋਂ ਚੌਥੇ ਨੰਬਰ ਤੇ ਹੈ ਤੇ ਨਾਲ ਹੀ ਉਹਨਾਂ ਨੇ ਸਟੇਟ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ। ਅੰਤ ਵਿੱਚ ਉਹਨਾਂ ਨੇ ਸਾਰਿਆਂ ਨੂੰ ਆਗਾਹ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਜੈਵਿਕ ਈਂਧਨ ਦੀ ਵਰਤੋਂ ਘੱਟ ਕਰਕੇ ਊਰਜਾ ਦੇ ਬਦਲਵੇਂ ਸਰੋਤਾਂ ਨੂੰ ਵਰਤੋਂ ਵਿੱਚ ਨਾ ਲਿਆਂਦਾ ਤਾ ਆਉਣ ਵਾਲੇ ਸਮੇਂ ਵਿੱਚ ਆਲਮੀ ਤਪਸ਼ ਵਧਣ ਕਾਰਣ ਨਤੀਜੇ ਬਹੁਤ ਗੰਭੀਰ ਹੋਣਗੇ। ਸੈਮੀਨਾਰ ਦੇ ਵਿਸ਼ੇਸ਼ ਮਹਿਮਾਨਾਂ ਸ. ਨਿਰਮਲਜੀਤ ਸਿੰਘ ਰੰਧਾਵਾ ਆਈ.ਐੱਫ.ਐੱਸ ਅਤੇ ਇੰਜ. ਗੁਰਿੰਦਰ ਸਿੰਘ ਮਜੀਠੀਆ ਨੇ ਆਏ ਹੋਏ ਬੁਲਾਰਿਆਂ ਵੱਲੋਂ ਪੇਸ਼ ਕੀਤੇ ਗਏ ਪਰਚਿਆਂ ਦੀ ਬਹੁਤ ਸ਼ਾਲਾਘਾ ਕੀਤੀ। ਸੈਮੀਨਾਰ ਦੇ ਮੁੱਖ ਮਹਿਮਾਨ ਪ੍ਰੋ. ਡਾ. ਆਦਰਸ਼ ਪਾਲ ਵਿਗ ਜੀ ਨੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਤੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦਾ ਭਰਪੂਰ ਸਹਾਰਨਾ ਕੀਤੀ ਅਤੇ ਇਸ ਤਰ੍ਹਾਂ ਦੇ ਹੋਰ ਸੈਮੀਨਾਰ ਕਰਵਾਉਣ ਲਈ ਕਿਹਾ। ਸੈਮੀਨਾਰ ਦੇ ਅੰਤ ਵਿੱਚ ਪ੍ਰਿੰਸੀਪਲ ਭਾਈ ਵਰਿਆਮ ਸਿੰਘ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਪਰੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਬੁਲਾਰਿਆਂ ਦੇ ਨਾਲ-ਨਾਲ ਜਿੰਨਾਂ ਕਿਸਾਨਾਂ ਵੱਲੋਂ ਆਪਣੀ ਜਮੀਨ ਵਿੱਚ ਜੰਗਲ ਲਗਵਾਏ ਗਏ ਉਹਨਾਂ ਨੂੰ ਸੰਸਥਾਂ ਵੱਲੋਂ ਤਿਆਰ ਕੀਤੇ ਗਏ ਖੱਦਰ ਦੇ ਥੈਲਿਆਂ ਨਾਲ ਸਨਮਾਨਿਤ ਕੀਤਾ। ਇਸ ਸੈਮੀਨਾਰ ਦਾ ਸਾਰਾ ਸੰਚਾਲਨ ਡਾ. ਕੰਵਲਜੀਤ ਸਿੰਘ ਵੱਲੋਂ ਬਹੁਤ ਹੀ ਵਧੀਆਂ ਤਰੀਕੇ ਨਾਲ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਅਧੀਨ ਚੱਲ ਰਹੇ ਸਮੂਹ ਕਾਲਜਾਂ ਤੇ ਸਕੂਲਾਂ ਦੇ ਪ੍ਰਿੰਸੀਪਲ, ਵਾਤਾਵਰਣ ਵਿਭਾਗ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਦੇ ਸੇਵਾਦਾਰ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *