
ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ ਵੱਲੋਂ ਕੀਤਾ ਗਿਆ ਮੈਥ-ਓਲੰਪੀਆਡ ਆਯੋਜਿਤ।
25 ਸਕੂਲਾਂ ਦੇ 92 ਵਿਦਿਆਰਥੀਆਂ ਨੇ ਲਿਆ ਹਿੱਸਾ।
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ, ਖਡੂਰ ਸਾਹਿਬ ਵੱਲੋਂ ਮਿਤੀ 9 ਸਤੰਬਰ, 2023 ਨੂੰ ਹਿਸਾਬ ਵਿਸ਼ੇ ਨਾਲ ਸਬੰਧਿਤ ਇੱਕ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 25 ਸਕੂਲਾਂ ਦੇ 92 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦਾ ਮੰਤਵ ਵਿਦਿਆਰਥੀਆਂ ਵਿੱਚ ਹਿਸਾਬ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਹਨਾਂ ਵਿਚਲੇ ਹੁਨਰ ਨੂੰ ਪਛਾਣਨਾ ਸੀ। ਸਾਰੇ ਹੀ ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਲਗਨ ਅਤੇ ਮਿਹਨਤ ਨਾਲ ਇਸ ਮੁਕਾਬਲੇ ਲਈ ਤਿਆਰੀ ਕੀਤੀ। ਇਸ ਮੁਕਾਬਲੇ ਵਿੱਚ ਓਵਰਆਲ ਸਕੂਲਾਂ ਵਿੱਚੋਂ ਮੋਹਿਤ ਧੀਰ – ਲਵ ਡੇਲ ਸੀਨੀਅਰ ਸਕੂਲ, ਲੋਹਾਰਕਾ ਰੋਡ, ਅੰਮ੍ਰਿਤਸਰ ਨੇ ਪਹਿਲਾ, ਭੁਪਿੰਦਰ ਸਿੰਘ, ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ ਨੇ ਦੂਜਾ, ਰਿਸ਼ਮਦੀਪ ਕੌਰ, ਲਵ ਡੇਲ ਸੀਨੀਅਰ ਸਕੂਲ, ਲੋਹਾਰਕਾ ਰੋਡ, ਅੰਮ੍ਰਿਤਸਰ ਨੇ ਤੀਜਾ, ਮਾਨਵੀ ਅਗਰਵਾਲ – ਲਵ ਡੇਲ ਸੀਨੀਅਰ ਸਕੂਲ, ਲੋਹਾਰਕਾ ਰੋਡ, ਅੰਮ੍ਰਿਤਸਰ ਨੇ ਚੌਥਾ ਅਤੇ ਜਸਕਰਨਦੀਪ ਸਿੰਘ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ, ਰਈਆ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੰਜਾਬ ਬੋਰਡ ਦੇ ਸਕੂਲਾਂ ਵਿੱਚੋਂ ਪੰਥਪ੍ਰੀਤ ਕੌਰ – ਖਾਲਸਾ ਕਾਲਜ ਗਰਲਜ਼ ਸੀਨੀ. ਸੈਕੰ. ਸਕੂਲ, ਅੰਮ੍ਰਿਤਸਰ ਨੇ ਪਹਿਲਾ, ਯਸ਼ – ਖਾਲਸਾ ਕਾਲਜ ਸੀਨੀ. ਸੈਕੰ. ਸਕੂਲ, (ਲੜਕੇ) ਨੇ ਦੂਜਾ, ਮੁਸਕਾਨਪ੍ਰੀਤ ਕੌਰ – ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਸਕੂਲ ਢੋਟਾ ਨੇ ਤੀਜਾ ਸਥਾਨ ਅਤੇ ਰਜਨੀਤ ਕੌਰ ਵਿਸ਼ਵ ਪਬਲਿਕ ਹਾਈ ਸਕੂਲ, ਅੰਮ੍ਰਿਤਸਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਬਾਬਾ ਸੇਵਾ ਸਿੰਘ ਜੀ ਵੱਲੋਂ ਸਰਟੀਫਿਕੇਟ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇੱਥੇ ਇਹ ਜਿਕਰਯੋਗ ਹੈ ਕਿ ਪਹਿਲੀਆਂ ਪੰਜ ਪੁਜ਼ੀਸ਼ਨਾਂ ਹਾਸਿਲ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਕ੍ਰਮਵਾਰ 2500, 2100, 1500, 1300, 1100 ਨਗਦ ਰਾਸ਼ੀ ਦਾ ਇਨਾਮ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਪਹਿਲੀਆਂ ਪੰਜਾਬ ਬੋਰਡ ਨਾਲ ਸਬੰਧਿਤ ਸਕੂਲਾਂ ਵਿੱਚੋਂ ਪਹਿਲੀਆਂ ਚਾਰ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 500 ਰੁਪਏ (ਹਰੇਕ ਵਿਦਿਆਰਥੀ) ਨਗਦ ਰਾਸ਼ੀ ਦਿੱਤੀ ਗਈ। ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਸਕੂਲਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਤੇ ਬਾਬਾ ਸੇਵਾ ਸਿੰਘ ਜੀ ਨੇ ਆਏ ਹੋਏ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਕੁਦਰਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਅਜਿਹੇ ਮੁਕਾਬਲੇ ਕਰਵਾਏ ਜਾਣਗੇ, ਜਿਸ ਨਾਲ ਵਿਦਿਆਰਥੀਆਂ ਵਿੱਚ ਹੋਰ ਵੀ ਉਤਸ਼ਾਹ ਪੈਦਾ ਹੋਵੇਗਾ। ਸ. ਉਂਕਾਰ ਸਿੰਘ ਕੋਆਰਡੀਨੇਟਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਸਾਇੰਸ ਓਲੰਪੀਆਡ ਵੀ ਆਯੋਜਿਤ ਕੀਤਾ ਜਾਵੇਗਾ। ਇਹ ਮੈਥ ਓਲੰਪੀਆਡ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ ਵੱਲੋਂ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਸ. ਅਵਤਾਰ ਸਿੰਘ ਬਾਜਵਾ, ਸਕੱਤਰ, ਸ. ਅਮਰਜੀਤ ਸਿੰਘ ਪ੍ਰਿੰਸੀਪਲ, ਬਾਬਾ ਬਲਦੇਵ ਸਿੰਘ, ਸੂਬੇਦਾਰ ਸ. ਕੁਲਵੰਤ ਸਿੰਘ ਹਾਜ਼ਿਰ ਸਨ।