ਕਾਰ ਸੇਵਾ ਖਡੂਰ ਸਾਹਿਬ ਵਲੋਂ ਸ਼ੁਰੂ ਕੀਤੀ ਗਈ 550 ਜੰਗਲ ਲਗਾਉਣ ਦੀ ਮੁਹਿੰਮ ਹੁਣ ਤੱਕ 40 ਜੰਗਲ ਲੱਗ ਚੁੱਕੇ ਹਨ। ਕਾਰ ਸੇਵਾ ਖਡੂਰ ਸਾਹਿਬ ਵਲੋਂ ਸ਼ੁਰੂ ਕੀਤੀ ਗਈ 550 ਜੰਗਲ ਲਗਾਉਣ ਦੀ ਮੁਹਿੰਮ ਨੂੰ ਪਿਛਲੇ ਕੁਝ ਸਮੇਂ ਵਿਚ ਕਾਫੀ ਭਰਵਾਂ ਹੁੰਘਾਰਾ ਮਿਲਿਆ ਹੈ। ਇਸ ਮੁਹਿੰਮ ਦੌਰਾਨ ਪੰਜਾਬ ਦੇ ਕਿਸਾਨਾਂ ਵਲੋਂ 5 ਮਰਲੇ ਤੋਂ ਲੈ ਕੇ 5 ਏਕੜ ਤੱਕ ਜ਼ਮੀਨ ਵਿਚ ਜੰਗਲ ਲਗਵਾਏ ਗਏ ਹਨ ਅਤੇ ਹੁਣ ਤੱਕ 40 ਜੰਗਲ ਲੱਗ ਚੁੱਕੇ ਹਨ। ਯਾਦ ਰਹੇ ਇਸ ਮੁਹਿੰਮ ਤਹਿਤ ਪੰਜਾਬ ਵਿਚ 550 ਜੰਗਲ ਲਗਾਏ ਜਾਣੇ ਹਨ। ਇਸ ਸੰਬੰਧ ਵਿਚ ਜਾਣਕਾਰੀ ਪ੍ਰਦਾਨ ਕਰਦਿਆਂ ਕਾਰਸੇਵਾ ਖਡੂਰ ਸਾਹਿਬ ਵਲੋਂ ਦਰਖਤ ਲਾਉਣ ਦੀ ਸੇਵਾ ਨਿਭਾ ਰਹੇ ਸੇਵਾਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਜੰਗਲ ਲਗਾਉਣ ਦੀ ਇਹ ਮੁਹਿੰਮ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਵਿਚ ਕਾਰ ਸੇਵਾ ਖਡੂਰ ਸਾਹਿਬ ਵਲੋਂ ਇਸੇ ਸਾਲ 10 ਜੁਲਾਈ 2019 ਨੂੰ ਸ਼ੁਰੂ ਕੀਤੀ ਗਈ ਸੀ। ਜੰਗਲ ਲਗਾਉਣ ਦਾ ਵਿਚਾਰ ਬਾਬਾ ਸੇਵਾ ਸਿੰਘ ਜੀ ਦੇ ਮਨ ਵਿਚ ਰਾਜਸਥਾਨ ਵੱਲ ਜਾਂਦਿਆਂ ਉਸ ਸਮੇਂ ਆਇਆ ਜਦੋਂ ਉਨ੍ਹਾਂ ਦੀ ਗੱਡੀ ਅਗੋਂ ਦੀ ਲੰਘ ਕੇ ਇਕ ਸ਼ੈਹਾ(ਖਰਗੋਸ਼) ਦੌੜਿਆ ਅਤੇ ਉਸ ਦੇ ਮਗਰ ਕੁੱਤੇ ਪੈ ਗਏ। ਬਾਬਾ ਜੀ ਨੇ ਗੱਡੀ ਰੋਕ ਲਈ ਅਤੇ ਸੇਵਾਦਾਰਾਂ ਨਾਲ ਵਿਚਾਰ ਕਰਨ ਲਗੇ ਕਿ ਜੇ ਪਿੰਡਾਂ ਵਿਚ ਛੋਟੇ-ਛੋਟੇ ਜੰਗਲ ਲਗਾਏ ਜਾਣ ਤਾਂ ਇਨ੍ਹਾਂ ਜਾਨਵਰਾਂ ਨੂੰ ਵਸੇਬਾ ਅਤੇ ਰਾਹਤ ਮਿਲ ਸਕਦੀ ਅਤੇ ਇਹ ਸ਼ਿਕਾਰੀ ਜਾਨਵਰਾਂ ਤੋਂ ਬਚ ਸਕਦੇ ਹਨ। ਉਨ੍ਹਾਂ ਦੀ ਇਸ ਦਇਆ ਦ੍ਰਿਸ਼ਟੀ ਵਿਚੋਂ ਹੀ ਜੰਗਲ ਲਗਾਉਣ ਦਾ ਵਿਚਾਰ ਨਿਕਲਿਆ। ਪਹਿਲਾ ਜੰਗਲ ਕਾਰਸੇਵਾ ਖਡੂਰ ਸਾਹਿਬ ਦੀ ਪਿੰਡ ਬਿੜਿੰਗ ਵਿਚ ਮੌਜੂਦ ਆਪਣੀ ਛੇ ਕਨਾਲ ਜ਼ਮੀਨ ਵਿਚ ਲਗਾਇਆ ਗਿਆ ਸੀ ਅਤੇ ਚਾਲੀਵਾਂ ਜੰਗਲ ਵੀ ਕਾਰਸੇਵਾ ਸੰਸਥਾ ਵਲੋਂ ਖਡੂਰ ਸਾਹਿਬ ਵਿਖੇ ਮੌਜੂਦ ਬਾਗ ਬਾਬਾ ਸਾਧੂ ਸਿੰਘ ਵਿਖੇ 1 ਕਨਾਲ ਜ਼ਮੀਨ ਵਿਚ ਲਗਾਇਆ ਗਿਆ ਹੈ। ਪਿੰਡ ਫੇਰੂਮਾਨ ਵਿਖੇ ਜੰਗਲ ਲਗਾਉਣ ਲਈ ਇਕ ਕਿਸਾਨ ਵਲੋਂ ਪੰਜ ਮਰਲੇ ਥਾਂ ਪ੍ਰਦਾਨ ਕੀਤੀ ਗਈ।ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਨੋੜੀ ਵਿਖੇ ਇਕ ਪ੍ਰਵਾਸੀ ਵੀਰ ਵਲੋਂ ਆਪਣੀ 5 ਏਕੜ ਜ਼ਮੀਨ ਵਿਚ ਜੰਗਲ ਲਗਵਾਇਆ ਗਿਆ ਹੈ। ਇਸੇ ਤਰ੍ਹਾਂ ਪਿੰਡ ‘ਕੋਟ ਦੁਨਾ ਧਨੌਲਾ’ ਵਿਚ ਇਕ ਕਿੱਲਾ, ਮੋਗਾ ਜ਼ਿਲ੍ਹੇ ਦੇ ਪਿੰਡ ਰਾਜੋਆਣਾ ਵਿਚ ਇਕ ਕਿੱਲਾ,ਪਿੰਡ ਲਾਲੂ ਘੁੰਮਣ ਦੀ ਪੰਚਾਇਤ ਵਲੋਂ ਅਧਾ ਕਿੱਲਾ, ਤਰਨਤਾਰਨ ਜਿਲ੍ਹੇ ਦੇ ਪਿੰਡ ਜਹਾਂਗੀਰ ਦੀ ਸਰਪੰਚ ਬੀਬੀ ਸਵਿੰਦਰ ਕੌਰ ਵਲੋਂ ਅੱਧਾ ਕਿੱਲਾ ਅਤੇ ਪਿੰਡ ਸੁਰਸਿੰਘਵਾਲਾ ਦੇ ਬਿਜਲੀਘਰ ਦੀ ਇਕ ਕਿੱਲਾ ਜ਼ਮੀਨ ਵਿਚ ਜੰਗਲ ਲਗਵਾਏ ਗਏ ਹਨ। ਇਸ ਤੋਂ ਇਲਾਵਾ ਹੋਰ ਸੰਗਤ ਵਲੋਂ ਪੰਜ ਮਰਲੇ ਤੋਂ ਲੈ ਕੇ 30 ਮਰਲੇ ਤੱਕ ਬਹੁਤ ਸਾਰੇ ਪਿੰਡੀਂ ਥਾਵੀਂ ਜੰਗਲ ਲਗਵਾਏ ਗਏ ਹਨ। ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਜ਼ਮੀਨ ‘ਤੇ ਮਾਲਕੀ ਸੰਬੰਧਤ ਕਿਸਾਨਾਂ ਦੀ ਹੀ ਰਹਿਣੀ ਹੈ ਪਰ ਇਸ ਜ਼ਮੀਨ ਨੂੰ ਉਹ ਜੰਗਲ ਲਈ ਛੱਡਣਗੇ। ਇਨ੍ਹਾਂ ਜੰਗਲਾਂ ਨਾਲ ਰੋਹੀਆਂ-ਜੰਗਲਾਂ ਅਤੇ ਝਾੜ ਬੂਟ ਵਿਚ ਰਹਿਣ ਵਾਲੇ ਉਹ ਜਾਨਵਰ ਅਤੇ ਪਸ਼ੂ ਪੰਛੀ ਵਾਪਸ ਪਰਤ ਸਕਣਗੇ ਜਿਹੜੇ ਇਸ ਖਿੱਤੇ ਵਿਚ ਕਦੀ ਮੌਜੂਦ ਹੁੰਦੇ ਸਨ। ਪਰ ਪਿਛੋਂ ਉਨ੍ਹਾਂ ਦੇ ਵਸੇਬੇ ਖਤਮ ਹੋ ਜਾਣ ਕਾਰਨ ਅਲੋਪ ਹੋ ਗਏ।ਇਹ ਜੰਗਲ ਇਕ ਪਾਸੇ ਤਾਂ ਇਨ੍ਹਾਂ ਜਾਨਵਰਾਂ ਲਈ ਵਸੇਬਾ ਬਣਨਗੇ ਦੂਜੇ ਪਾਸੇ ਇਹ ਮਨੁੱਖੀ ਵਸੋਂ ਲਈ ਆਕਸੀਜਨ ਪੈਦਾ ਕਰਨਗੇ ਅਤੇ ਕਾਰਬਨਡਾਈਆਕਸਾਈਡ ਸਮੇਤ ਮਨੁੱਖ ਲਈ ਖਤਰਨਾਕ ਹੋਰ ਗੈਸਾਂ ਨੂੰ ਸੋਖਣ ਦਾ ਕੰਮ ਕਰਨਗੇ