ਖਡੂਰ ਸਾਹਿਬ: ਪਦਮ ਸ੍ਰੀ ਭਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਦੀ ਅਗਵਾਈ ਵਿਚ ਇਥੇ ਚਲਦੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਹੋਸਟਲ ਵਿਚ ਇਕਾਂਤਵਾਸ ਕੀਤੇ 5 ਵਿਅਕਤੀ ਅੱਜ ਕਰੋਨਾ ਮੁਕਤ ਪਾਏ ਜਾਣ ਤੋਂ ਪਿੱਛੋਂ ਆਪੋ-ਆਪਣੇ ਘਰਾਂ ਨੂੰ ਭੇਜ ਦਿੱਤੇ ਗਏ।ਕਾਰਸੇਵਾ ਖਡੂਰ ਸਾਹਿਬ ਵਲੋਂ ਇਕਾਂਤਵਾਸ ਕੀਤੇ ਜਾ ਰਹੇ ਵਿਅਕਤੀਆਂ ਦੀ ਦੇਖਭਾਲ ਕਰ ਰਹੇ ਭਾਈ ਨਿਰਮਲ ਸਿੰਘ ਨੇ ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ ਜਾਣ ਵਾਲੇ ਇਨ੍ਹਾਂ 5 ਵਿਅਕਤੀਆਂ ਵਿ
ਚੋਂ 2 ਬਹਿਰੀਨ ਤੋਂ ਅਤੇ ਇਕ-ਇਕ ਵਿਅਕਤੀ ਦੁਬਈ ਦੋਹਾ ਕਤਰ ਅਤੇ ਅਮਰੀਕਾ ਵਿਚੋਂ ਵਾਪਸ ਪਰਤਿਆ ਸੀ। ਇਨ੍ਹਾਂ ਸਾਰਿਆਂ ਦੇ ਕੁਝ ਦਿਨ ਪਹਿਲਾਂ ਪੰਜਾਬ ਸਿਹਤ ਵਿਭਾਗਵਲੋਂ ਕਰੋਨਾ ਟੈਸਟ ਵਾਸਤੇ ਮੈਡੀਕਲ ਸੈਂਪਲ ਲਏ ਗਏ ਸਨ,ਜਿਨ੍ਹਾਂ ਵਿਚ ਇਹ ਕਰੋਨਾ ਮੁਕਤ ਪਾਏ ਗਏ ਹਨ। ਸਥਾਨਕ ਸਿਹਤ ਅਧਿਕਾਰੀਆਂ ਵਲੋਂ ਸੰਬੰਧਤ ਵਿਅਕਤੀਆਂ ਨੂੰ ਉਨ੍ਹਾਂ ਦੀ ਤੰਦਰੁਸਤੀ ਸੰਬੰਧੀ ਸਰਟੀਫਿਕੇਟ ਵੀ ਜਾਰੀ ਕੀਤੇ ਗਏ। ਇਸ ਮੌਕੇ ਸਥਾਨਕ ਸਿਹਤ ਅਧਿਕਾਰੀ ਜੁਗਲ ਕੁਮਾਰ ਅਤੇ ਸੀਨੀਅਰ ਫਾਰਮੇਸੀ ਅਫਸਰ ਅਰਵਿੰਦਰ ਸਿੰਘ ਵੀ ਮੌਜੂਦ ਸਨ। ਯਾਦ ਰਹੇ ਖਡੂਰ ਸਾਹਿਬ ਕੇਂਦਰ ਵਿਚ ਇਕਾਂਤਵਾਸ ਕੀਤੇ ਜਾ ਰਹੇ ਸਾਰੇ ਵਿਅਕਤੀਆਂ ਦੀ ਰਿਹਾਇਸ਼ ਅਤੇ ਲੰਗਰ-ਪਾਣੀ ਸਮੇਤ ਸਾਂਭ-ਸੰਭਾਲ ਕਾਰਸੇਵਾ ਖਡੂਰ ਸਾਹਿਬ ਵਲੋਂ ਕੀਤੀ ਜਾ ਰਹੀ ਹੈ।