ਮਿਲਟਰੀ ਟਰੇਨਿੰਗ ਸੰਬੰਧੀ ਅਨੁਭਵ ਸਾਂਝੇ ਕੀਤੇ
ਖਡੂਰ ਸਾਹਿਬ: ਨੈਸ਼ਨਲ ਮਿਲਟਰੀ ਅਕੈਡਮੀ, ਦੇਹਰਾਦੂਨ ਤੋਂ ਇਸੇ ਸਾਲ ਜੂਨ ਮਹੀਨੇ ਵਿਚ ਪਾਸ ਆਊਟ ਹੋਏ ਬੈਚ ਵਿਚ ਸਰਬ ਪੱਖੀ ਕਾਰਗੁਜ਼ਾਰੀ ‘ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਅਕਾਸ਼ਦੀਪ ਸਿੰਘ ਅੱਜ ‘ਨਿਸ਼ਾਨ-ਏ-ਸਿੱਖੀ’ ਵਿਖੇ ਪ੍ਰਿਵਾਰ ਸਮੇਤ ਪੁੱਜੇ ਅਤੇ ਉਨ੍ਹਾਂ ਕੁਝ ਸਮਾਂ ਬਾਬਾ ਸੇਵਾ ਸਿੰਘ ਨਾਲ ਬਿਤਾਇਆ। ਇਸ ਦੌਰਾਨ ਉਨ੍ਹਾਂ ‘ਨਿਸ਼ਾਨ-ਏ-ਸਿੱਖੀ’ ਅਤੇ ਇਸ ਨਾਲ ਸੰਬੰਧਤ ਵਿਦਿਅਕ ਸੰਸਥਾਵਾਂ ਦੇ ਸੇਵਾਦਾਰਾਂ ਨਾਲ ਵੀ ਕੁਝ ਸਮਾਂ ਸਾਂਝਾ ਕੀਤਾ।
ਇਸ ਦੌਰਾਨ ਉਨ੍ਹਾਂ ਨੈਸ਼ਨਲ ਡਿਫੈਂਸ ਅਕੈਡਮੀ ਪੂੰਨੇ ਅਤੇ ਦੇਹਰਾਦੂਨ ਵਿਖੇ ਮਿਲਟਰੀ ਟਰੇਨਿੰਗ ਨਾਲ ਸੰਬੰਧਤ ਬਹੁਤ ਸਾਰੇ ਅਨੁਭਵ ਸਾਂਝੇ ਕੀਤੇ।ਇਸ ਮੌਕੇ ਉਨ੍ਹਾਂ ਇੰਡੀਅਨ ਮਿਲਟਰੀ ਅਕੈਡਮੀ ਦੇ ਸਲੈਕਸ਼ਨ ਦੇ ਤੌਰ ਤਰੀਕਿਆਂ ਅਤੇ ਸੰਬੰਧਤ ਉਮੀਦਵਾਰਾਂ ਵਿਚ ਹੋਣ ਵਾਲੇ ਗੁਣਾਂ ਔਗਣਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਫੌਜ ਵਿਚ ਅਫਸਰ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਵਿਚ ਵਿਚ ਚੰਗੀ ਵਿਦਿਆ ਤੋਂ ਇਲਾਵਾ ਅਫਸਰ ਵਰਗੇ ਗੁਣ ਅਤੇ ਸਪੋਰਟਸਮੈਨਸ਼ਿਪ ਹੋਣੀ ਬੜੀ ਲਾਹੇਵੰਦ ਸਿੱਧ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਨੇ ‘ਨਿਸ਼ਾਨ-ਏ-ਸਿਖੀ’ ਅਤੇ ਕਾਰਸੇਵਾ ਖਡੂਰ ਸਾਹਿਬ ਨਾਲ ਸੰਬੰਧਤ ਵਿਦਿਅਕ ਸੰਸਥਾਵਾਂ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਬਾ ਸੇਵਾ ਸਿੰਘ ਜੀ ਤੋਂ ਧਾਰਮਿਕ ਇਮਾਰਤਸਾਜ਼ੀ, ਵਾਤਾਵਰਣ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਸ਼ਅਕਾਸ਼ਦੀਪ ਸਿੰਘ ਦੇ ਮਾਤਾ ਜੀ ਅਤੇ ਮਾਮਾ ਜੀ ਵੀ ਉਨ੍ਹਾਂ ਦੇ ਨਾਲ ਸਨ। ਅਕਾਸ਼ਦੀਪ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂ ਨਾਲ ਸੰਬੰਧਤ ਹਨ।
ਹੋਰਨਾ ਤੋਂ ਇਲਾਵਾ ਇਸ ਮੌਕੇ ਬਾਬਾ ਬਲਦੇਵ ਸਿੰਘ, ਸੂਬੇਦਾਰ ਬਲਬੀਰ ਸਿੰਘ ਅਤੇ ਸੂਬੇਦਾਰ ਕੁਲਵੰਤ ਸਿੰਘ ਵੀ ਮੌਜੂਦ ਸਨ।