ਅਧਿਆਪਕਾਂ ਲਈ ਵਿਸ਼ੇਸ਼ ਪੰਜ ਰੋਜ਼ਾ ਗੁਰਮਤਿ ਕੈਂਪ ਦਾ ਆਗ਼ਾਜ਼

ਡਾ. ਗੁਰਮੋਹਨ ਸਿੰਘ ਵਾਲੀਆ ਦਾ ਸਨਮਾਨ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਬਾਬਾ ਸੇਵਾ ਸਿੰਘ
-ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵੀ.ਸੀ. ਡਾ. ਵਾਲੀਆ ਨੇ ਦਿੱਤਾ ਕੁੰਜੀਵਤ ਭਾਸ਼ਣ-
ਖਡੂਰ ਸਾਹਿਬ, 15 ਅਪ੍ਰੈਲ – ਕਾਰ ਸੇਵਾ ਖਡੂਰ ਸਾਹਿਬ ਅਧੀਨ ਚਲਦੇ ਵੱਕਾਰੀ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਸਾਹਿਬਾਨ ਲਈ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਆਡੀਟੋਰੀਅਮ ਵਿਖੇ ਵਿਸ਼ੇਸ਼ ਪੰਜ ਰੋਜ਼ਾ ਗੁਰਮਤਿ ਕੈਂਪ ਦਾ ਉਦਘਾਟਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ ਸਾਹਿਬ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਵਲੋਂ ਕੀਤਾ ਗਿਆ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਆਪਣੇ ਕੁੰਜੀਵਤ ਭਾਸ਼ਣ ਦੌਰਾਨ ਅਧਿਆਪਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਡਾ. ਵਾਲੀਆ ਨੇ ਕਿਹਾ ਕਿ ਅਧਿਆਪਕ ਬੁਨਿਆਦੀ ਤੌਰ ‘ਤੇ ਨੌਜਵਾਨਾਂ ਲਈ ਰੋਲ ਮਾਡਲ ਹੁੰਦੇ ਹਨ ਅਤੇ ਉਹਨਾਂ ਨੂੰ ਆਪਣੇ ਇਸ ਰੁਤਬੇ ਨੂੰ ਬਰਕਰਾਰ ਰੱਖਣ ਲਈ ਧਾਰਮਿਕ ਤੇ ਵਿਰਾਸਤੀ ਕਦਰਾਂ-ਕੀਮਤਾਂ ਨੂੰ ਵਧੇਰੇ ਤਰਜੀਹ ਦੇਣੀ ਚਾਹੀਦੀ ਹੈ, ਤਾਂ ਹੀ ਨੌਜਵਾਨ ਸਹੀ ਦਿਸ਼ਾ ਵੱਲ ਤੋਰੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਆਪਣੀਆਂ ਸਮਰੱਥਾਵਾਂ ਦੀ ਪਛਾਣ ਕਰਕੇ ਆਪਣੇ ਸੋਚ ਦੇ ਉੱਚੇ ਪੱਧਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਨੇ ਇਸ ਮੌਕੇ ਆਪਣੀ ਪ੍ਰੇਰਨਾਮਈ ਤਕਰੀਰ ਦੌਰਾਨ ਕਿਹਾ ਕਿ ਦੁਨਿਆਵੀ ਵਿਦਿਆ ਦੇ ਨਾਲ-ਨਾਲ ਅਧਿਆਤਮਿਕ ਵਿਦਿਆ ਵੀ ਜਰੂਰੀ ਹੈ ਜੋ ਕਿ ਇਨਸਾਨ ਵਿਚ ਚੰਗੇ ਸੰਸਕਾਰ ਪੈਦਾ ਕਰਨ ਵਿਚ ਸਹਾਈ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਅਧਿਆਪਕ ਆਪਣੇ ਵਿਰਸੇ ਤੇ ਧਰਮ ਵਿਚ ਪ੍ਰਪੱਕ ਹੋਵੇਗਾ ਤਾਂ ਉਹ ਵਿਦਿਆਰਥੀਆਂ ਦਾ ਸੱਚਾ-ਸੁੱਚਾ ਮਾਰਗ-ਦਰਸ਼ਕ ਸਿੱਧ ਹੋ ਸਕੇਗਾ ਅਤੇ ਵਿਦਿਆਰਥੀ ਮਨਾਂ ਵਿਚ ਸਦਾ ਲਈ ਵੱਸ ਜਾਵੇਗਾ।
ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਨੇ ਆਈ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ (ਧਰਮ ਪ੍ਰਚਾਰ) ਅਤੇ ਨਿਸ਼ਾਨ-ਏ-ਸਿੱਖੀ ਦੇ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਦੇ ਪ੍ਰਿੰਸੀਪਲ ਸ. ਵਰਿਆਮ ਸਿੰਘ ਨੇ ਜਿਥੇ ਮੰਚ ਸਕੱਤਰ ਦੀ ਭੂਮਿਕਾ ਨਿਭਾਈ, ਉਥੇ ਆਪਣੇ ਕੀਮਤੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਚਾਹੇ ਅਜੌਕਾ ਵਿਦਿਅਕ ਸਿਸਟਮ ਬੁਨਿਆਦੀ ਤੌਰ ‘ਤੇ ਅੰਗਰੇਜ਼ਾਂ ਦੀ ਦੇਣ ਹੈ ਪਰ ਸਾਨੂੰ ਆਪਣੇ ਰਵਾਇਤੀ ਸਿਸਟਮ ਦੀਆਂ ਕਦਰਾਂ-ਕੀਮਤਾਂ ਨੂੰ ਮਨਫੀ ਨਹੀਂ ਕਰਨਾ ਚਾਹੀਦਾ। ਗਿਆਨੀ ਵੇਦਾਂਤੀ ਅਤੇ ਬਾਬਾ ਸੇਵਾ ਸਿੰਘ ਨੇ ਡਾ. ਵਾਲੀਆ ਨੂੰ ਖਾਸ ਤੌਰ ‘ਤੇ ਯਾਦ ਚਿੰਨ ਭੇਂਟ ਕੀਤਾ। ਦੁਪਹਿਰ ਦੇ ਸੈਸ਼ਨ ਵਿਚ ਗਿਆਨੀ ਵੇਦਾਂਤੀ ਨੇ ਅਧਿਆਪਕਾਂ ਨੂੰ ਗੁਰਬਾਣੀ ਸੰਥਿਆ ਅਤੇ ਨਾਮ-ਸਿਮਰਨ ਕਰਵਾਇਆ। ਇਸ ਮੌਕੇ ਬਾਬਾ ਬਲਦੇਵ ਸਿੰਘ, ਸ. ਅਵਤਾਰ ਸਿੰਘ ਬਾਜਵਾ, ਡਾਇਰੈਕਟਰ ਸ. ਪਿਆਰਾ ਸਿੰਘ, ਸਕੂਲ ਡਾਇਰੈਕਟਰ ਸ. ਗੁਰਦਿਆਲ ਸਿੰਘ ਗਿੱਲ, ਬਲਦੇਵ ਸਿੰਘ ਸੰਧੂੂ, ਮੈਡਮ ਜਸਪਾਲ ਕੌਰ ਅਤੇ ਮੈਡਮ ਕਿਰਨਦੀਪ ਕੌਰ ਆਦਿ ਹਾਜ਼ਰ ਸਨ।