ਵਾਤਾਵਰਨ ਸੰਭਾਲ ਪ੍ਰਾਜੈਕਟ

previous arrow
next arrow
Slider

ਵਾਤਾਵਰਣ ਸੰਭਾਲ ਸੰਬੰਧੀ ਕਾਰ ਸੇਵਾ ਖਡੂਰ ਸਾਹਿਬ ਦੀ ਭੂਮਿਕਾ ਅਤੇ ਕਾਰਜ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਹੀ ਉਪਦੇਸ਼ਾਂ ਰਾਹੀਂ ਕੁਦਰਤ ਦੀ ਮਹਿਮਾ ਕੀਤੀ ਗਈ ਹੈ ਜਿਵੇਂ ‘ਬਲਿਹਾਰੀ ਕੁਦਰਤਿ ਵਸਿਆ  ਤੇਰਾ ਅੰਤੁ ਨ ਜਾਈ ਲਖਿਆ’ ਅਤੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ‘ ਪਰ ਜਿਸ ਧਰਤੀ ‘ਤੇ ਗੁਰ ਸਾਹਿਬਾਨ ਨੇ ਇਹ ਪਾਵਨ ਉਪਦੇਸ਼ ਦਿੱਤੇ, ਉਸ ਦੇ ਵਾਸੀ ਕੁਦਰਤ ਦੀ ਕਦਰ ਤੇ ਸੰਭਾਲ ਕਰਨੀ ਭੁੱਲ ਗਏ ਜਾਪਦੇ ਹਨ। ਸਿੱਟੇ ਵਜੋਂ ਪੰਜਾਬ ਦਾ ਵਾਤਾਵਰਨ ਜਿੱਥੇ ਪਲੀਤ ਹੋ ਰਿਹਾ ਹੈ, ਉਥੇ ਇਸ ਦੇ ਬੇਸ਼ਕੀਮਤੀ ਕੁਦਰਤੀ ਸਾਧਨ ਜਾਂ ਤਾਂ ਖਤਮ ਹੋ ਰਹੇ ਹਨ ਜਾਂ ਫਿਰ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਹੇ। ਵਰਤਮਾਨ ਸਮੇਂ ਵਿਚ ਜਦੋਂ ਪ੍ਰਦੂਸ਼ਣ ਦੇ ਜ਼ਹਿਰ ਨਾਲ ਪ੍ਰਾਣੀਆਂ ਦਾ ਦਮ ਘੁੱਟ ਰਿਹਾ ਹੈ, ਅਜਿਹੇ ਸਮੇਂ ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਨੇ ਵਾਤਾਵਰਨ ਨੂੰ ਸਾਫ-ਸੁਥਰਾ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ ਅਤੇ 1999 ਵਿਚ ਵਾਤਾਵਰਨ ਸੰਭਾਲ ਪ੍ਰਾਜੈਕਟ ਸ਼ੁਰੂ ਕੀਤਾ। ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ.) ਦਾ ਗਠਨ ਹੋਣ ‘ਤੇ ਇਸ ਪ੍ਰਾਜੈਕਟ ਨੂੰ ਟਰੱਸਟ ਅਧੀਨ ਲੈ ਆਂਦਾ ਗਿਆ। ਇਸ ਪ੍ਰਾਜੈਕਟ ਤਹਿਤ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬ, ਦਿੱਲੀ, ਰਾਜਸਥਾਨ (ਨਰੈਣਾ, ਮਕਰਾਣਾ) ਅਤੇ ਮੱਧ ਪ੍ਰਦੇਸ਼ (ਗਵਾਲੀਅਰ) ਵਿਚ ਵੱਖ-ਵੱਖ ਵੰਨਗੀਆਂ ਦੇ ਰੁੱਖ ਵੱਡੀ ਗਿਣਤੀ ਵਿਚ ਸੜਕਾਂ, ਜਨਤਕ ਥਾਵਾਂ, ਬਾਗ਼ਾਂ ਅਤੇ ਪਿੰਡਾਂ ਵਿਚ ਲਗਾਏ ਜਾ ਚੁੱਕੇ ਹਨ ਅਤੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਰੂਪ ਵਿਚ ‘ਤ੍ਰਿਵੈਣੀਆਂ’ (ਬੋਹੜ, ਪਿੱਪਲ ਅਤੇ ਨਿੰਮ ਦਾ ਸਮੂਹ) ਵੀ ਲਗਾਈਆਂ ਗਈਆਂ ਹਨ। ਬੂਟੇ ਪੈਦਾ ਕਰਨ ਲਈ ‘ਗਰੀਨ ਹਾਊਸ’ ਵਰਗੀਆਂ ਆਧੁਨਿਕ ਸਹੂਲਤਾਂ ਵਾਲੀਆਂ ਨਰਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਸੜਕਾਂ ‘ਤੇ ਰੁੱਖ ਲਗਾਉਣ ਅਤੇ ਉਹਨਾਂ ਦੀ ਸਾਂਭ-ਸੰਭਾਲ ਲਈ ਲਗਭਗ 50 ਸੇਵਾਦਾਰ ਅਤੇ 12 ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਰਵਾਇਤੀ ਖੇਤੀ ਦੇ ਮੁਕਾਬਲੇ ਬਾਗ਼ਬਾਨੀ ਵਾਤਾਵਰਨ ਨੂੰ ਵਧੇਰੇ ਹਰਿਆ-ਭਰਿਆ ਰੱਖਦੀ ਹੈ। ਇਸ ਪੱਖ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਨੂੰ ਬਾਗ਼ਬਾਨੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਧਰਤੀ ਦੀ ਜੈਵਿਕ ਵੰਨ-ਸੁਵੰਨਤਾ ਨੂੰ ਕਾਇਮ ਰੱਖਣ ਲਈ ਸੰਸਥਾ ਸੰਗਤਾਂ ਨੂੰ ਰਵਾਇਤੀ ਰੁੱਖ ਲਗਾਉਣ ਤੇ ਪਾਲਣ ਲਈ ਪ੍ਰੇਰਿਤ ਕਰ ਰਹੀ ਹੈ। ਕਿਸਾਨਾਂ ਨੂੰ ਪ੍ਰੇਰਿਤ ਕਰਕੇ ਹੁਣ ਤੱਕ ਸੈਂਕੜੇ ਏਕੜ ਜ਼ਮੀਨ ‘ਤੇ ਫ਼ਲਦਾਰ ਬਾਗ਼ ਲਗਵਾਏ ਜਾ ਚੁੱਕੇ ਹਨ। ਲਾਏ ਜਾਣ ਵਾਲੇ ਰੁੱਖਾਂ ਤੇ ਪੌਦਿਆਂ ਦੀਆਂ ਕਿਸਮਾਂ ਇਸ ਪ੍ਰਕਾਰ ਹਨ

ਬੋਹੜ, ਪਿੱਪਲ, ਨਿੰਮ, ਟਾਹਲੀ, ਅਰਜਲ, ਚਕਰੇਸੀਆ, ਐਲਸਟੋਨੀਆ, ਤੁਣ, ਪੁਤਰਨਜੀਵਾ, ਤੂਤ, ਧਰੇਕ, ਮਹਾਗਨੀ, ਸੁਖਚੈਨ, ਅਸ਼ੋਕਾ, ਫਾਈਕਸ, ਕੁਲੀਫਾਰਮ, ਬੋਤਲ ਪਾਮ, ਮੌਲਸਰੀ, ਅਮਲਤਾਸ, ਕਚਨਾਰ, ਗੁਲਮੋਗਰ, ਜੈਟਰੋਫਾ, ਲੈਜਸਟੋਨੀਆ, ਟਿਕੋਮਾ, ਚੰਪਾ, ਅੰਬ, ਜਾਮੁਨ, ਅਮਰੂਦ, ਬਿਲ, ਬਹੇੜਾ, ਆਂਵਲਾ, ਤੁਲਸੀ ਆਦਿ।

ਬਾਗ਼ ਬਾਬਾ ਸਾਧੂ ਸਿੰਘ ਗੁਰਦੁਆਰਾ ਤਪਿਆਣਾ ਸਾਹਿਬ (ਖਡੂਰ ਸਾਹਿਬ) ਦੇ ਨਜ਼ਦੀਕ ਲਗਾਇਆ ਗਿਆ ਅਤਿ ਸੁੰਦਰ ਫ਼ਲਦਾਰ ਬਾਗ਼ ਹੈ, ਜਿਸ ਵਿਚ 36 ਪ੍ਰਕਾਰ ਦੇ ਫ਼ਲਦਾਰ ਰੁੱਖ ਹਨ। ਇਸ ਬਾਗ਼ ਦੇ ਫ਼ਲ ਲੰਗਰ ਵਿਚ ਪ੍ਰਸ਼ਾਦ ਦੇ ਰੂਪ ਵਿਚ ਵਰਤਾਏ ਜਾਂਦੇ ਹਨ।

ਸੰਨ 2010 ਤੋਂ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਹਰ ਘਰ ਵਿਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਨਿਸ਼ਚਿਤ ਸਮੇਂ ਵਿਚ ਪਿੰਡਾਂ ਵਿਚ ਜਾਣ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਅਤੇ ਪਿੰਡ ਵਾਸੀਆਂ ਨੂੰ ਵਾਤਾਵਰਨ ਤੇ ਰੁੱਖਾਂ ਸਬੰਧੀ ਲੋੜੀਂਦੀ ਜਾਣਕਾਰੀ ਦੇ ਕੇ ਹਰੇਕ ਘਰ ਵਿਚ ਨਿੰਮ, ਜਾਮੁਨ, ਅੰਬ ਆਦਿ ਬੂਟੇ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਪਿੰਡ ਦੀਆਂ ਜਨਤਕ ਥਾਂਵਾਂ ਜਿਵੇਂ ਕਿ ਸਕੂਲ, ਗੁਰਦੁਆਰਾ, ਪੰਚਾਇਤੀ ਜ਼ਮੀਨ ਆਦਿ ਵਿਚ ਵੀ ਬੂਟੇ ਲਗਾਏ ਜਾਂਦੇ ਹਨ। ਹੁਣ ਤੱਕ ਇਸ ਮੁਹਿੰਮ ਅਧੀਨ ਲਗਭਗ 500 ਪਿੰਡਾਂ ਵਿਚ ਘਰੋ-ਘਰੀ ਰੁੱਖ ਲਗਵਾਏ ਗਏ ਹਨ।

ਵਾਤਾਵਰਨ ਸੰਭਾਲ ਪ੍ਰਾਜੈਕਟ ਅਧੀਨ ਸੰਸਥਾ ਵੱਲੋਂ ਹੁਣ ਤੱਕ ਲਗਭਗ 450 ਕਿਲੋਮੀਟਰ ਸੜਕਾਂ, ਜਨਤਕ ਥਾਂਵਾਂ, ਬਾਗ਼ਾਂ ਅਤੇ ਪਿੰਡਾਂ ਵਿਚ 4,50,000 ਦੇ ਕਰੀਬ ਰੁੱਖ ਲਗਵਾਏ ਗਏ ਹਨ। ਇਸ ਮਹਾਨ ਕਾਰਜ ਲਈ ਬਾਬਾ ਸੇਵਾ ਸਿੰਘ ਜੀ ਨੂੰ 2010 ਵਿਚ ਭਾਰਤ ਦੇ ਰਾਸ਼ਟਰਪਤੀ ਵੱਲੋਂ ‘ਪਦਮ ਸ਼੍ਰੀ’ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕੌਮਾਂਤਰੀ ਪੱਧਰ ‘ਤੇ ਲੰਡਨ (ਇੰਗਲੈਂਡ) ਵਿਖੇ ਵਿੰਡਸਰ ਸੈਲੀਬਰੇਸ਼ਨ ਸਮਾਗਮ (ਨਵੰਬਰ 2009) ਵਿਚ ਪ੍ਰਿੰਸ ਫਿਲਿਪ ਅਤੇ ਬਾਨ ਕੀ ਮੂਨ, ਜਨਰਲ ਸਕੱਤਰ ਸੰਯੁਕਤ ਰਾਸ਼ਟਰ ਵੱਲੋਂ ਸਨਮਾਨ ਮਿਲ ਚੁੱਕਾ ਹੈ। 2011 ਨੂੰ ਭਾਰਤ ਦੇ ਸਾਬਕ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁੱਲ ਕਲਾਮ ਅਤੇ ਜਸਟਿਸ ਅਲਤਮਸ ਕਬੀਰ ਕੈਪੀਟਲ ਫਾਊਂਡੇਸ਼ਨ ਸੁਸਾਇਟੀ ਵੱਲੋਂ ਜਸਟਿਸ ਕੁਲਦੀਪ ਸਿੰਘ ਐਵਾਰਡ ਨਾਲ ਬਾਬਾ ਜੀ ਨੂੰ ਸਨਮਾਨਿਤ ਕਰ ਚੁੱਕੇ ਹਨ। ਇਸ ਤੋਂ ਇਲਾਵਾ, 2009 ਵਿਚ ਦਿੱਲੀ ਵਿਖੇ ਹੋਏ ਈਕੋ-ਸਿੱਖ ਪ੍ਰੋਗਰਾਮ ਦੌਰਾਨ ਯੂ.ਐਨ.ਡੀ.ਪੀ. ਦੇ ਸਹਾਇਕ ਸਕੱਤਰ ਜਨਰਲ ਵੱਲੋਂ ਵੀ ਐਵਾਰਡ ਮਿਲ ਚੁੱਕਾ ਹੈ। ਇਧਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 2009 ਵਿਚ ਅਤੇ ਮੁੱਖ ਮੰਤਰੀ ਪੰਜਾਬ 2011 ਦੇ ਆਜ਼ਾਦੀ ਦਿਹਾੜੇ ਮੌਕੇ ਬਾਬਾ ਸੇਵਾ ਸਿੰਘ ਨੂੰ ਸਨਮਾਨਿਤ ਕਰ ਚੁੱਕੇ ਹਨ।

ਕਾਰ ਸੇਵਾ ਖਡੂਰ ਸਾਹਿਬ ਵਲੋਂ ਲਗਾਏ ਗਏ ਜੰਗਲ ਦਾ ਵੇਰਵਾ

 

 

ਕਾਰ ਸੇਵਾ ਖਡੂਰ ਸਾਹਿਬ ਵਲੋਂ ਸ਼ੁਰੂ ਕੀਤੀ ਗਈ 550 ਜੰਗਲ ਲਗਾਉਣ ਦੀ ਮੁਹਿੰਮ ਨੂੰ ਪਿਛਲੇ ਕੁਝ ਸਮੇਂ ਵਿਚ ਕਾਫੀ ਭਰਵਾਂ ਹੁੰਘਾਰਾ ਮਿਲਿਆ ਹੈ। ਇਸ ਮੁਹਿੰਮ ਦੌਰਾਨ ਪੰਜਾਬ ਦੇ ਕਿਸਾਨਾਂ ਵਲੋਂ 5 ਮਰਲੇ ਤੋਂ ਲੈ ਕੇ 5 ਏਕੜ ਤੱਕ ਜ਼ਮੀਨ ਵਿਚ ਜੰਗਲ ਲਗਵਾਏ ਗਏ ਹਨ ਅਤੇ ਹੁਣ ਤੱਕ 70 ਜੰਗਲ ਲੱਗ ਚੁੱਕੇ ਹਨ। ਯਾਦ ਰਹੇ ਇਸ ਮੁਹਿੰਮ ਤਹਿਤ ਪੰਜਾਬ ਵਿਚ 550 ਜੰਗਲ ਲਗਾਏ ਜਾਣੇ ਹਨ।

ਇਸ ਸੰਬੰਧ ਵਿਚ ਜਾਣਕਾਰੀ ਪ੍ਰਦਾਨ ਕਰਦਿਆਂ ਕਾਰਸੇਵਾ ਖਡੂਰ ਸਾਹਿਬ ਵਲੋਂ ਦਰਖਤ ਲਾਉਣ ਦੀ ਸੇਵਾ ਨਿਭਾ ਰਹੇ ਸੇਵਾਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਜੰਗਲ ਲਗਾਉਣ ਦੀ ਇਹ ਮੁਹਿੰਮ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਵਿਚ ਕਾਰ ਸੇਵਾ ਖਡੂਰ ਸਾਹਿਬ ਵਲੋਂ ਇਸੇ ਸਾਲ 10 ਜੁਲਾਈ 2019 ਨੂੰ ਸ਼ੁਰੂ ਕੀਤੀ ਗਈ ਸੀ। ਜੰਗਲ ਲਗਾਉਣ ਦਾ ਵਿਚਾਰ ਬਾਬਾ ਸੇਵਾ ਸਿੰਘ ਜੀ ਦੇ ਮਨ ਵਿਚ ਰਾਜਸਥਾਨ ਵੱਲ ਜਾਂਦਿਆਂ ਉਸ ਸਮੇਂ ਆਇਆ ਜਦੋਂ ਉਨ੍ਹਾਂ ਦੀ ਗੱਡੀ ਅਗੋਂ ਦੀ ਲੰਘ ਕੇ ਇਕ ਸ਼ੈਹਾ(ਖਰਗੋਸ਼) ਦੌੜਿਆ ਅਤੇ ਉਸ ਦੇ ਮਗਰ ਕੁੱਤੇ ਪੈ ਗਏ। ਬਾਬਾ ਜੀ ਨੇ ਗੱਡੀ ਰੋਕ ਲਈ ਅਤੇ ਸੇਵਾਦਾਰਾਂ ਨਾਲ ਵਿਚਾਰ ਕਰਨ ਲਗੇ ਕਿ ਜੇ ਪਿੰਡਾਂ ਵਿਚ ਛੋਟੇ-ਛੋਟੇ ਜੰਗਲ ਲਗਾਏ ਜਾਣ ਤਾਂ ਇਨ੍ਹਾਂ ਜਾਨਵਰਾਂ ਨੂੰ ਵਸੇਬਾ ਅਤੇ ਰਾਹਤ ਮਿਲ ਸਕਦੀ ਅਤੇ ਇਹ ਸ਼ਿਕਾਰੀ ਜਾਨਵਰਾਂ ਤੋਂ ਬਚ ਸਕਦੇ ਹਨ। ਉਨ੍ਹਾਂ ਦੀ ਇਸ ਦਇਆ ਦ੍ਰਿਸ਼ਟੀ ਵਿਚੋਂ ਹੀ ਜੰਗਲ ਲਗਾਉਣ ਦਾ ਵਿਚਾਰ ਨਿਕਲਿਆ। ਪਹਿਲਾ ਜੰਗਲ ਕਾਰਸੇਵਾ ਖਡੂਰ ਸਾਹਿਬ ਦੀ ਪਿੰਡ ਬਿੜਿੰਗ ਵਿਚ ਮੌਜੂਦ ਆਪਣੀ ਛੇ ਕਨਾਲ ਜ਼ਮੀਨ ਵਿਚ ਲਗਾਇਆ ਗਿਆ ਸੀ ਅਤੇ ਚਾਲੀਵਾਂ ਜੰਗਲ ਵੀ ਕਾਰਸੇਵਾ ਸੰਸਥਾ ਵਲੋਂ ਖਡੂਰ ਸਾਹਿਬ ਵਿਖੇ ਮੌਜੂਦ ਬਾਗ ਬਾਬਾ ਸਾਧੂ ਸਿੰਘ ਵਿਖੇ 1 ਕਨਾਲ ਜ਼ਮੀਨ ਵਿਚ ਲਗਾਇਆ ਗਿਆ ਹੈ।
ਪਿੰਡ ਫੇਰੂਮਾਨ ਵਿਖੇ ਜੰਗਲ ਲਗਾਉਣ ਲਈ ਇਕ ਕਿਸਾਨ ਵਲੋਂ ਪੰਜ ਮਰਲੇ ਥਾਂ ਪ੍ਰਦਾਨ ਕੀਤੀ ਗਈ।ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਨੋੜੀ ਵਿਖੇ ਇਕ ਪ੍ਰਵਾਸੀ ਵੀਰ ਵਲੋਂ ਆਪਣੀ 5 ਏਕੜ ਜ਼ਮੀਨ ਵਿਚ ਜੰਗਲ ਲਗਵਾਇਆ ਗਿਆ ਹੈ। ਇਸੇ ਤਰ੍ਹਾਂ ਪਿੰਡ ‘ਕੋਟ ਦੁਨਾ ਧਨੌਲਾ’ ਵਿਚ ਇਕ ਕਿੱਲਾ, ਮੋਗਾ ਜ਼ਿਲ੍ਹੇ ਦੇ ਪਿੰਡ ਰਾਜੋਆਣਾ ਵਿਚ ਇਕ ਕਿੱਲਾ,ਪਿੰਡ ਲਾਲੂ ਘੁੰਮਣ ਦੀ ਪੰਚਾਇਤ ਵਲੋਂ ਅਧਾ ਕਿੱਲਾ, ਤਰਨਤਾਰਨ ਜਿਲ੍ਹੇ ਦੇ ਪਿੰਡ ਜਹਾਂਗੀਰ ਦੀ ਸਰਪੰਚ ਬੀਬੀ ਸਵਿੰਦਰ ਕੌਰ ਵਲੋਂ ਅੱਧਾ ਕਿੱਲਾ ਅਤੇ ਪਿੰਡ ਸੁਰਸਿੰਘਵਾਲਾ ਦੇ ਬਿਜਲੀਘਰ ਦੀ ਇਕ ਕਿੱਲਾ ਜ਼ਮੀਨ ਵਿਚ ਜੰਗਲ ਲਗਵਾਏ ਗਏ ਹਨ। ਇਸ ਤੋਂ ਇਲਾਵਾ ਹੋਰ ਸੰਗਤ ਵਲੋਂ ਪੰਜ ਮਰਲੇ ਤੋਂ ਲੈ ਕੇ 30 ਮਰਲੇ ਤੱਕ ਬਹੁਤ ਸਾਰੇ ਪਿੰਡੀਂ ਥਾਵੀਂ ਜੰਗਲ ਲਗਵਾਏ ਗਏ ਹਨ। ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਜ਼ਮੀਨ ‘ਤੇ ਮਾਲਕੀ ਸੰਬੰਧਤ ਕਿਸਾਨਾਂ ਦੀ ਹੀ ਰਹਿਣੀ ਹੈ ਪਰ ਇਸ ਜ਼ਮੀਨ ਨੂੰ ਉਹ ਜੰਗਲ ਲਈ ਛੱਡਣਗੇ। ਇਨ੍ਹਾਂ ਜੰਗਲਾਂ ਨਾਲ ਰੋਹੀਆਂ-ਜੰਗਲਾਂ ਅਤੇ ਝਾੜ ਬੂਟ ਵਿਚ ਰਹਿਣ ਵਾਲੇ ਉਹ ਜਾਨਵਰ ਅਤੇ ਪਸ਼ੂ ਪੰਛੀ ਵਾਪਸ ਪਰਤ ਸਕਣਗੇ ਜਿਹੜੇ ਇਸ ਖਿੱਤੇ ਵਿਚ ਕਦੀ ਮੌਜੂਦ ਹੁੰਦੇ ਸਨ। ਪਰ ਪਿਛੋਂ ਉਨ੍ਹਾਂ ਦੇ ਵਸੇਬੇ ਖਤਮ ਹੋ ਜਾਣ ਕਾਰਨ ਅਲੋਪ ਹੋ ਗਏ।ਇਹ ਜੰਗਲ ਇਕ ਪਾਸੇ ਤਾਂ ਇਨ੍ਹਾਂ ਜਾਨਵਰਾਂ ਲਈ ਵਸੇਬਾ ਬਣਨਗੇ ਦੂਜੇ ਪਾਸੇ ਇਹ ਮਨੁੱਖੀ ਵਸੋਂ ਲਈ ਆਕਸੀਜਨ ਪੈਦਾ ਕਰਨਗੇ ਅਤੇ ਕਾਰਬਨਡਾਈਆਕਸਾਈਡ ਸਮੇਤ ਮਨੁੱਖ ਲਈ ਖਤਰਨਾਕ ਹੋਰ ਗੈਸਾਂ ਨੂੰ ਸੋਖਣ ਦਾ ਕੰਮ ਕਰ

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਨੂੰ ਸਮਰਪਿਤ ਬਾਗ ਬਾਬਾ ਸਾਧੂ ਸਿੰਘ ਜੀ ਵਿਖੇ ਜੰਗਲ ਨੰ. 40 ਵਿੱਚ ਲੱਗੇ ਬੂਟਿਆਂ ਦੀਆਂ ਕਿਸਮਾਂ ਦਾ ਵੇਰਵਾ

ਕਾਰ ਸੇਵਾ ਖਡੂਰ ਸਾਹਿਬ

 ਜਟਰੌਫਾ      

ਚੰਦਨ    

ਹਰੜ       

ਜਾਮਣ         

ਧਰੇਕ       

ਬਕਾਇਨ     

ਬੇਰੀ

ਸੈਂਟੁਲ ਫਰੂਟ

ਆੜੂ

ਸੁਹੰਜਨਾ

ਲੁਕਾਠ

ਨਿੰਮ

ਅੰਬ

ਅਮਰੂਦ

ਝਿਰਮਲ ( ਸੁਖਚੈਨ )

ਅਨਾਰ

ਅਰਜਨ

ਗੁਲੜ

ਲਸੂੜਾ

ਸੁਖਚੈਨ

ਕਾਜੂ

ਮਧੂਕਾਮਨੀ (ਮਰੂਆ)

ਚੰਪਾ

ਬਹੇੜਾ

ਤੁਣ

ਚਕਰੇਸ਼ੀਆ

ਤੁਲਸੀ

ਅਲਮੈਂਡਰਾ

ਪੁਤਰਨਜੀਵਾ

ਕੜ੍ਹੀ ਪੱਤਾ

ਕੁਸਮ

ਸੀਤਾ ਫਲ

ਚਾਂਦਨੀ

ਬੋਹੜ

ਅਮਲਤਾਸ

ਹੈਵਿਸਕਸ

ਪਿੱਪਲ

ਧਤੂਰਾ

ਤੂਤ

ਟਾਹਲੀ


ਟਾਹਲੀ

ਕਚਨਾਰ

ਸਾਗਵਾਨ

ਕਿੱਕਰ

ਕਣਕ ਚੰਪਾ

ਵੇਲ ਪੱਤਰ

ਛਾਵਣੀ (ਛਾਉਣੀ)

ਸ਼ਰੀਂਅ

ਹਾਰ ਸ਼ਿੰਗਾਰ

ਢੱਕ

ਅੱਕ

ਆਂਵਲਾ

ਕਟਹਲ

ਮੁਸ਼ਕਪੂਰ

ਮੌਲਸਰੀ

ਟਕੋਮਾ

ਗੁਲਮੋਹਰ

ਅਸੋਕਾ

ਲੌਂਗ

ਸਿਰਵਲਉਕ

 

ਪਿਲਕਣ

ਖੈਰ

ਜਕਰੇਂਡਾ

ਪਹਾੜੀ ਕਿੱਕਰ

ਬਾਂਸ

ਗੁਲਾਬ

ਪੱਥਰ ਚੱਟ

ਕੇਸ਼ੀਆ ਗਲਾਨਾ

ਰਾਤ ਦੀ ਰਾਣੀ

ਵਰਨਾ

ਫਾਲਸਾ

ਖਜ਼ੂਰ

ਮੋਤੀਉ

ਲੀਚੀ

ਕਮਰਖ (ਸਟਾਰ ਫਰੂਟ)

ਅੰਜੀਰ

ਮਲ੍ਹਾ (ਬੇਰੀ)

ਢੇਉ

ਵਾਤਾਵਰਨ ਸੰਭਾਲ ਹੋਰ ਵੀ ਪ੍ਰੋਜੈਕਟ

 ਹਰਿਆਵਲ ਭਰਪੂਰ ਸੜਕਾਂ:-

ਹਰਿਆਵਲ ਭਰਪੂਰ ਸੜਕਾਂ:- ਰੁੱਖ, ਮਨੁੱਖ ਵਾਸਤੇ ਵਰਦਾਨ ਹਨ। ਸਿਆਣਿਆਂ ਦੇ ਕਥਨ ਅਨੁਸਾਰ ਰੁੱਖ ਹੈ ਤਾਂ ਮਨੁੱਖ ਹੈ। ਰੁੱਖ ਤਪਦੇ ਹੋਏ ਵਾਤਾਵਰਣ ਨੂੰ ਠਾਰ ਕੇ ਮਨੁੱਖ ਦੇ ਅਨੁਕੂਲ ਬਣਾਉਂਦੇ ਹਨ। ਤਪਦੀਆਂ ਹੋਈਆਂ ਸੜਕਾਂ ਦੇ ਕਿਨਾਰਿਆਂ ’ਤੇ ਲੱਗੇ ਹੋਏ ਰੁੱਖ ਜਿੱਥੇ ਸੜਕ ਨੂੰ ਛਾਂ ਦਾਰ ਬਣਾਉਂਦੇ ਹਨ ਉਥੇ ਸੜਕਾਂ ਦਾ ਸ਼ਿੰਗਾਰ ਵੀ ਹਨ। ਇਹ ਵਾਹਨਾਂ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਘੱਟ ਕਰਦੇ ਹਨ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸਭ ਤੋਂ ਪਹਿਲਾਂ ਖਡੂਰ ਸਾਹਿਬ ਨੂੰ ਆਉਂਦੀਆਂ ਸਾਰੀਆਂ ਸੜਕਾਂ ਨੂੰ ਹਰਿਆ ਭਰਿਆ ਕੀਤਾ ਗਿਆ। ਜਿਸ ਵਿੱਚ ਤਰਨ ਤਾਰਨ ਸਾਹਿਬ ਤੋਂ ਖਡੂਰ ਸਾਹਿਬ ਰੋਡ, ਖਿਲਚੀਆਂ ਤੋਂ ਖਡੂਰ ਸਾਹਿਬ ਰੋਡ, ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਰੋਡ, ਵੈਰੋਵਾਲ ਤੋਂ ਖਡੂਰ ਸਾਹਿਬ ਰੋਡ, ਜੰਡਿਆਲਾ ਤੋਂ ਖਡੂਰ ਸਾਹਿਬ ਰੋਡ, ਰਈਆ ਤੋਂ ਖਡੂਰ ਸਾਹਿਬ ਰੋਡ ਅਤੇ ਤਰਨ ਤਾਰਨ ਸਾਹਿਬ ਤੋਂ ਖਡੂਰ ਸਾਹਿਬ ਰੋਡ (ਵਾਇਆ ਵੇਂਈਪੂੰਈਂ) ਸੜਕਾਂ ਦੇ ਕਿਨਾਰਿਆਂ ’ਤੇ ਬੂਟੇ ਲਗਾਏ ਗਏ। ਇਹਨਾਂ ਬੂਟਿਆਂ ਨੂੰ ਬੱਚਿਆਂ ਦੀ ਤਰ੍ਹਾਂ ਪਾਲਿਆ ਗਿਆ। ਜਿਸਦੇ ਫਲਸਰੂਪ ਅੱਜ ਇਹ ਬੂਟੇ ਆਪਣੇ ਭਰ ਜੋਬਨ ਵਿੱਚ ਹਨ ਅਤੇ ਮਨੁੱਖਤਾ ਦੀ ਸੇਵਾ ਵਿੱਚ ਆਪਣੀ ਛਾਂ, ਫੁੱਲ, ਫਲ ਅਤੇ ਸੁਗੰਧੀ ਵੰਡ ਰਹੇ ਹਨ। ਇਹਨਾਂ ਸੜਕਾਂ ਤੋਂ ਇਲਾਵਾ ਇਹਨਾਂ ਸੜਕਾਂ ਨਾਲ ਜੁੜਦੀਆਂ ਅਨੇਕਾਂ ਪਿੰਡਾਂ ਦੀਆਂ ਸੜਕਾਂ ’ਤੇ ਵੀ ਬੂਟੇ ਲਗਾਏ ਗਏ। ਪੰਜਾਬ ਤੋਂ ਬਾਹਰ ਨਰੈਣਾ, ਮਕਰੇਣਾ ਅਤੇ ਗਵਾਲੀਅਰ ਦੀਆਂ ਸੜਕਾਂ ਨੂੰ ਵੀ ਹਰਾ ਧਨ ਖਡੂਰ ਸਾਹਿਬ ਵਲੋਂ ਬਖਸ਼ਿਆ ਗਿਆ। ਹੁਣ ਤੱਕ ਲਗਪਗ 450 ਕਿਲੋਮੀਟਰ ਸੜਕ ‘ਤੇ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਅੱਗੇ ਵੀ ਜ਼ਾਰੀ ਹਨ। ਇਸ ਤੋਂ ਇਲਾਵਾ ਬਰਸਾਤੀ ਨਾਲਿਆਂ ਅਤੇ ਨਹਿਰਾਂ ਦੇ ਕਿਨਾਰਿਆਂ ’ਤੇ ਵੀ ਬੂਟੇ ਲਗਾਏ ਗਏ ਅਤੇ ਲਗਾਏ ਜਾ ਰਹੇ ਹਨ। ਇਸ ਤਰ੍ਹਾਂ ਵਾਤਾਵਰਣ ਸੰਭਾਲ ਮੁਹਿੰਮ ਤਹਿਤ ਇਹ ਕਾਰਜ ਕਾਰ ਸੇਵਾ ਖਡੂਰ ਸਾਹਿਬ ਦਾ ਬਹੁਤ ਹੀ ਮਹੱਤਵਪੂਰਨ ਹੈ।

 ਜਨਤਕ ਥਾਵਾਂ ਤੇ ਬੂਟੇ ਲਗਾਉਂਣਾ:-

ਜਨਤਕ ਥਾਵਾਂ ਜਿਵੇਂ ਹਸਪਤਾਲਾਂ,ਸ਼ਮਸ਼ਾਨ ਘਾਟ, ਸਕੂਲਾਂ ਅਤੇ ਕਾਲਜਾਂ ਆਦਿ ਵਿੱਚ ਬੂਟੇ ਲਗਾਉਣ ਲਈ ਕਾਰ ਸੇਵਾ ਖਡੂਰ ਸਾਹਿਬ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹਨਾਂ ਜਨਤਕ ਥਾਵਾਂ ਵਿੱਚ ਕੁਦਰਤੀ ਵਾਤਾਵਰਣ ਸਿਰਜਿਆ ਗਿਆ, ਜਿਸ ਨਾਲ ਕੁਦਰਤੀ ਨੇੜਤਾ ਵਿੱਚ ਵੀ ਵਾਧਾ ਹੋਇਆ ਅਤੇ ਵਾਧੂ ਖੁੱਲੇ ਪਏ ਮੈਦਾਨ ਹਰਿਆਵਲ ਭਰਪੂਰ ਹੋ ਗਏ। ਇਹਨਾਂ ਜਨਤਕ ਥਾਵਾਂ ਤੇ ਬੂਟਿਆਂ ਨੂੰ ਕਾਰ ਸੇਵਾ ਖਡੂਰ ਸਾਹਿਬ ਦੇ ਸੇਵਾਦਾਰਾਂ ਵਲੋਂ ਆਪ ਜਾ ਕੇ ਲਗਾਇਆ ਗਿਆ ਅਤੇ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਗਿਆ। ਪੰਜਾਬ ਦੇ ਪਰੰਪਰਾਗਤ ਬੂਟਿਆਂ ਜਿਵੇਂ ਬੋਹੜ, ਪਿੱਪਲ, ਨਿੰਮ, ਟਾਹਲੀ, ਅਰਜਨ, ਤੁਣ, ਤੂਤ, ਧਰੇਕ, ਮਹਾਗਣੀ, ਸੁਖਚੈਨਾ, ਅਮਲਤਾਸ, ਕਚਨਾਰ, ਗੁਲਮੋਹਰ, ਚੰਪਾ, ਅੰਬ, ਜਾਮੁਨ, ਅਮਰੂਦ, ਬਿਲ, ਬਹੇੜਾ, ਆਂਵਲਾ, ਤੁਲਸੀ ਆਦਿ ਨੂੰ ਲਗਾਇਆ ਗਿਆ। ਇਸ ਤੋਂ ਇਲਾਵਾ ਤ੍ਰਿਬੈਣੀ ਦੇ ਬੂਟਿਆਂ ਨੂੰ ਵੀ ਇਕੱਠਿਆਂ ਲਗਾਇਆ ਜਾਣਾ ਵੀ ਕਾਰ ਸੇਵਾ ਖਡੂਰ ਸਾਹਿਬ ਦਾ ਮਹਤੱਵਪੂਰਨ ਕਾਰਜ ਹੈ।

 ਨਰਸਰੀ:-

ਬੂਟਿਆਂ ਨੂੰ ਤਿਆਰ ਕਰਨ ਦੇ ਵਾਸਤੇ ਕਾਰ ਸੇਵਾ ਖਡੂਰ ਸਾਹਿਬ ਵਲੋਂ ਦੋ ਨਰਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਇੱਕ ਨਰਸਰੀ ਖਡੂਰ ਸਾਹਿਬ ਅਤੇ ਦੂਜੀ ਨਰਸਰੀ ਗਵਾਲੀਅਰ (ਮੱਧ-ਪ੍ਰਦੇਸ) ਵਿਖੇ ਹੈ। ਇਹਨਾਂ ਨਰਸਰੀਆਂ ਵਿੱਚ ਬੂਟਿਆਂ ਨੂੰ ਤਿਆਰ ਕੀਤਾ ਜਾਂਦਾ ਹੈ। ਕਈ ਤਰ੍ਹਾਂ ਦੇ ਛਾਂ-ਦਾਰ, ਫੁੱਲ ਦਾਰ, ਫਲ ਦਾਰ ਬੂਟੇ ਜੋ ਇਹਨਾਂ ਵਿੱਚ ਤਿਆਰ ਹੁੰਦੇ ਹਨ। ਜੋ ਬਾਅਦ ਵਿੱਚ ਕਾਰ ਸੇਵਾ ਖਡੂਰ ਸਾਹਿਬ ਵਲੋਂ ਵੱਖ-ਵੱਖ ਥਾਵਾਂ ਤੇ ਲਗਾਏ ਜਾਂਦੇ ਹਨ।

 ਬਾਗ:-

ਬਾਗ ਜਿੱਥੇ ਧਰਤੀ ਦਾ ਸ਼ਿੰਗਾਰ ਹੁੰਦੇ ਹਨ ਉਥੇ ਪਰੰਪਰਾਗਤ ਖੇਤੀ ਦੇ ਮੁਕਾਬਲੇ ਬਾਗ ਵਾਤਾਵਰਣ ਨੂੰ ਵਧੇਰੇ ਹਰਿਆ ਭਰਿਆ ਰਖਦੇ ਹਨ। ਇਸ ਪੱਖ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਕਾਰ ਸੇਵਾ ਖਡੂਰ ਸਾਹਿਬ ਵਲੋਂ ਬਾਗ ਬਾਬਾ ਸਾਧੂ ਸਿੰਘ ਜੀ ਗੁਰਦੁਆਰਾ ਤਪਿਆਣਾ ਸਾਹਿਬ ਖਡੂਰ ਸਾਹਿਬ ਦੇ ਨਜ਼ਦੀਕ ਲਗਾਇਆ ਗਿਆ ਹੈ। ਜਿਸ ਵਿੱਚ ਅਤਿ ਸੁੰਦਰ ਫ਼ਲਦਾਰ  ਅਤੇ ਹੋਰ ਕਈ ਤਰ੍ਹਾਂ ਦੇ ਰੁੱਖ ਹਨ। ਇਸ ਬਾਗ ਦੇ ਫ਼ਲ ਲੰਗਰ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਏ ਜਾਂਦੇ ਹਨ। ਬਾਗ ਬਾਬਾ ਸਾਧੂ ਸਿੰਘ ਜੀ ਦੀ ਮਿਸਾਲ ਨੇ ਇਲਾਕੇ ਦੇ ਕਿਸਾਨਾ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਵੀ ਕੀਤਾ ਕਿ ਉਹ ਵੀ ਬਾਗਬਾਨੀ ਨੂੰ ਬੜ੍ਹਾਵਾ ਦੇਣ। ਕਾਰ ਸੇਵਾ ਖਡੂਰ ਸਾਹਿਬ ਦੇ ਇਸ ਉੱਦਮ ਨਾਲ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ ਬਾਗਬਾਨੀ ਨੂੰ ਅਪਣਾਇਆ ਜਿਸਦੇ ਫਲਸਰੂਪ ਲਗਪਗ 350 ਏਕੜ ਦੇ ਕਰੀਬ ਧਰਤੀ ਤੇ ਫ਼ਲਦਾਰ ਬਾਗ ਕਾਇਮ ਹੋਏ ਹਨ।

ਜੈਵਿਕ (ਆਰਗੈਨਿਕ) ਖੇਤੀ:–ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਇਨਸਾਨ ਨੇ ਧਰਤੀ ਤੋਂ ਵੱਧ ਤੋਂ ਵੱਧ ਫਸਲ ਲੈਣ ਲਈ ਧਰਤੀ ਦੀ ਕੁੱਖ ਵਿੱਚ ਖਾਦਾਂ ਦੇ ਰੂਪ ਜ਼ਹਿਰ ਪਾਉਣਾ ਆਰੰਭ ਕਰ ਦਿੱਤਾ। ਇਸ ਨਾਲ ਭੂਮੀ ਵਿੱਚ ਪ੍ਰਦੂਸ਼ਣ ਹੋਇਆ। ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਹੋਣ ਲੱਗੀ। ਮਨੁੱਖ ਨੇ ਧਰਤੀ ਨੂੰ ਕਈ ਪ੍ਰਕਾਰ ਦੀਆਂ ਜ਼ਹਿਰੀਲੀਆਂ ਦਵਾਈਆਂ ਅਤੇ ਖਾਦਾਂ ਦਾ ਆਦੀ ਬਣਾ ਦਿੱਤਾ। ਜਿਸ ਧਰਤੀ ਦੀ ਕੁੱਖ ਵਿੱਚ ਜ਼ਹਿਰ ਪਾਇਆ ਫਿਰ ਉਸ ਤੋਂ ਵੀ ਜ਼ਹਿਰ ਹੀ ਉੱਗਿਆ। ਮਨੁੱਖ ਦੁਆਰਾ ਪੈਦਾ ਕੀਤੀ ਹਰ ਫਸਲ ਜ਼ਹਿਰੀਲੀ ਪੈਦਾ ਹੋਈ। ਇਸ ਨਾਲ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਅਤੇ ਸਮੱਸਿਆਵਾਂ ਸਾਹਮਣੇ ਆਈਆਂ। ਕਾਰ ਸੇਵਾ ਖਡੂਰ ਸਾਹਿਬ ਵਲੋਂ ਇਸ ਸਮੱਸਿਆ ਨੂੰ ਵੇਖਦੇ ਹੋਏ ਖਡੂਰ ਸਾਹਿਬ ਦੇ ਨਜ਼ਦੀਕ ਪਿੰਡ ਮੰਡਾਲਾ ਵਿਖੇ ਜੈਵਿਕ (ਆਰਗੈਨਿਕ) ਖੇਤੀ ਆਰੰਭ ਕੀਤੀ ਗਈ। ਇਸ ਵਿਚ ਖੇਤੀ ਨੂੰ ਦਵਾਈਆਂ ਅਤੇ ਖਾਦਾਂ ਆਦਿ ਤੋਂ ਮੁਕਤ ਕੀਤਾ ਗਿਆ। ਇਸ ਪ੍ਰਕਾਰ ਕਾਰ ਸੇਵਾ ਖਡੂਰ ਸਾਹਿਬ ਹਰ ਕਿਸਾਨ ਨੂੰ ਅਜਿਹੀ ਖੇਤੀ ਕਰਨ ਲਈ ਪ੍ਰੇਰਿਤ ਕਰ ਰਹੀ ਹੈ, ਤਾਂ ਜੋ ਭੂਮੀ ਪ੍ਰਦੂਸ਼ਣ ਦੀ ਸਮੱਸਿਆ ਅਤੇ ਹੋਰ ਇਸ ਨਾਲ ਜੁੜੀਆਂ ਮਨੁੱਖੀ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕੇ। ਮੰਡਾਲੇ ਵਿਖੇ ਜੈਵਿਕ (ਆਰਗੈਨਿਕ) ਖੇਤੀ ਦੁਆਰਾ ਚਾਰਾ, ਅਨਾਜ ਅਤੇ ਸਬਜੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੀ ਵਰਤੋਂ ਲੰਗਰ ਮਾਤਾ ਖੀਵੀ ਜੀ ਵਿੱਚ ਕੀਤੀ ਜਾਂਦੀ ਹੈ ਜੋ ਆਪਣੇ ਆਪ ਵਿੱਚ ਨਵੀਂ ਮਿਸਾਲ ਹੈ।

ਪਾਰਕ:- ਮਨੁੱਖ ਨੂੰ ਕੁਦਰਤ ਨਾਲ ਜੋੜਨ ਲਈ ਪਾਰਕ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਮਨੁੱਖ ਆਪਣੇ ਕੰਮਾਂ-ਧੰਦਿਆਂ ਆਦਿ ਤੋਂ ਵਿਹਲਾ ਹੋ ਕੇ ਸਵੇਰ ਸ਼ਾਮ ਪਾਰਕਾਂ ਵਿੱਚ ਜਾਣਾ ਪਸੰਦ ਕਰਦਾ ਹੈ। ਕਾਰ ਸੇਵਾ ਖਡੂਰ ਸਾਹਿਬ ਵਲੋਂ ਖਡੂਰ ਸਾਹਿਬ ਵਿੱਚ ਕਈ ਛੋਟੇ-ਛੋਟੇ ਪਾਰਕ ਬਣਾਏ ਗਏ ਹਨ। ਇਨ੍ਹਾਂ ਦੀ ਸੁੰਦਰਤਾ ਮਨ-ਮੋਹਣ ਵਾਲੀ ਹੈ। ਇਸ ਤੋਂ ਇਲਾਵਾ ਗਵਾਲੀਅਰ ਸ਼ਹਿਰ ਦੀ ਨੁਹਾਰ ਬਦਲਣ ਵਿੱਚ ਕਾਰ ਸੇਵਾ ਖਡੂਰ ਸਾਹਿਬ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਗਵਾਲੀਅਰ ਵਿਖੇ ਸਪੈਸ਼ਲ ਏਰੀਆ ਡਿਵੈਲਪਮੈਂਟ ਅਥਾਰਟੀ ਵਲੋਂ ਇੱਕ ਨਵਾਂ ਸ਼ਹਿਰ ‘ਨਿਊ ਗਵਾਲੀਅਰ’ ਵਸਾਇਆ ਜਾ ਰਿਹਾ ਹੈ। ਇਸ ਵਿੱਚ ਦਸ ਪਾਰਕਾਂ ਦੀ ਤਿਆਰੀ ਅਤੇ ਸਾਂਭ-ਸੰਭਾਲ ਦਾ ਕਾਰਜ ਕਾਰ ਸੇਵਾ ਖਡੂਰ ਸਾਹਿਬ ਨੂੰ ਸੌਂਪਿਆ ਗਿਆ ਹੈ। ਪਾਰਕਾਂ ਵਿੱਚ ਪੰਜਾਬ ਦੇ ਰਵਾਇਤੀ ਬੂਟੇ ਜਿਵੇਂ ਪਿੱਪਲ, ਨਿੰਮ, ਬੇਰੀ, ਪਿਲਕਣ, ਆਂਵਲਾ, ਜਾਮਨ ਅਤੇ ਟਾਹਲੀ ਆਦਿ ਨੂੰ ਲਗਾਇਆ ਜਾ ਰਿਹਾ ਹੈ। ਇਹਨਾ ਦਸਾਂ ਪਾਰਕਾਂ ਦਾ ਨਾਮ ਦਸ ਗੁਰੂ ਸਾਹਿਬਾਨ ਦੇ ਨਾਮ ’ਤੇ ਰੱਖਿਆ ਗਿਆ ਹੈ। ਇਹ ਪੰਜਾਬ ਤੋਂ ਬਾਹਰ ਸਿੱਖੀ ਦੇ ਹੋ ਰਹੇ ਪ੍ਰਚਾਰ ਅਤੇ ਪ੍ਰਸਾਰ ਦਾ ਪ੍ਰਤੀਕ ਹੈ। 

ਘਰ-ਘਰ ਬੂਟਾ ਲਗਾਉਂਣਾ:-ਕਾਰ ਸੇਵਾ ਖਡੂਰ ਸਾਹਿਬ ਵਲੋਂ ਘਰ-ਘਰ ਬੂਟਾ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਇਸ ਦੇ ਤਹਿਤ ਕਾਰ ਸੇਵਾ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਬੂਟੇ ਲਗਾਏ ਗਏ ਅਤੇ ਉਹਨਾਂ ਦੀ ਸਾਂਭ ਸੰਭਾਲ ਲਈ ਹਰ ਸਖਸ਼ ਨੂੰ ਪ੍ਰੇਰਿਤ ਕੀਤਾ ਗਿਆ। ਇਸ ਦੁਆਰਾ ਹਰ ਘਰ ਵਿੱਚ ਹਰਿਆਲੀ ਪਹੁੰਚ ਗਈ। ਹੁਣ ਵੀ ਇਹ ਯਤਨ ਜਾਰੀ ਹਨ ਅਤੇ ਇਸ ਵਿੱਚ ਹਰ ਵਿਅਕਤੀ ਨੂੰ ਆਪਣੇ ਘਰ ਵਿੱਚ ਇੱਕ ਬੂਟਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਵਾਤਾਵਰਣ ਸੰਭਾਲ ਮੁਹਿੰਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕੇ। ਕਿਉਂਕਿ ਇਹ ਸਭ ਦੀ ਸਾਂਝੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਮਨੁੱਖਤਾ ਦੇ ਭਲੇ ਲਈ ਇਹ ਉਸਾਰੂ ਕਾਰਜ ਕੀਤਾ ਜਾਵੇ। ਹੁਣ ਤੱਕ ਤਕਰੀਬਨ 450 ਪਿੰਡਾਂ ਵਿੱਚ ਬੂਟੇ ਲਗਾਏ ਜਾ ਚੁੱਕੇ ਹਨ।

ਬੂਟਿਆਂ ਦੀ ਸਾਂਭ-ਸੰਭਾਲ:-ਬੂਟੇ ਨੂੰ ਲਗਾਉਣ ਨਾਲ ਹੀ ਸਾਡੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ। ਬੂਟਿਆਂ ਦੀ ਸਾਂਭ-ਸੰਭਾਲ ਕਰਨੀ ਵੀ ਸਾਡੀ ਜ਼ਿੰਮੇਵਾਰੀ ਹੈ। ਬੂਟਿਆਂ ਦੀ ਸਾਂਭ-ਸੰਭਾਲ ਪ੍ਰਤੀ ਕਾਰ ਸੇਵਾ ਖਡੂਰ ਸਾਹਿਬ ਬਹੁਤ ਚੇਤੰਨ ਹੈ। ਬਾਬਾ ਸੇਵਾ ਸਿੰਘ ਜੀ ਹਰ ਬੂਟੇ ਨੂੰ ਲਗਾਉਂਣ ਤੋਂ ਬਾਅਦ ਬੱਚਿਆਂ ਦੀ ਤਰ੍ਹਾਂ ਪਾਲਣ ਲਈ ਵਚਨਬੱਧ ਹਨ। ਇਸ ਲਈ ਕਾਰ ਸੇਵਾ ਖਡੂਰ ਸਾਹਿਬ ਵਲੋਂ ਜਿੱਥੇ ਵੀ ਬੂਟੇ ਲਗਾਏ ਜਾਂਦੇ ਹਨ। ਉੱਥੇ ਬਾਅਦ ਵਿੱਚ ਉਨ੍ਹਾਂ ਦੀ ਸੰਭਾਲ ਨੂੰ ਵੀ ਯਕੀਨਨ ਕਾਇਮ ਰੱਖਿਆ ਜਾਂਦਾ ਹੈ। ਬੂਟਿਆਂ ਦੀ ਸੰਭਾਲ ਲਈ 12 ਪਾਣੀ ਦੇ ਟੈਂਕਰ ਅਤੇ 50 ਸੇਵਾਦਾਰ ਸਦਾ ਹਾਜ਼ਰ ਰਹਿੰਦੇ ਹਨ। ਇਹ ਟੈਂਕਰ ਬੂਟਿਆਂ ਨੂੰ ਪਾਣੀ ਦੇਣ, ਗੋਡੀ ਕਰਨ ਅਤੇ ਉਹਨਾਂ ਦੇ ਵਾਧੇ ਵੱਲ ਪੂਰਾ ਧਿਆਨ ਦਿੰਦੇ ਹਨ। ਕਾਰ ਸੇਵਾ ਖਡੂਰ ਸਾਹਿਬ ਵਲੋਂ ਜਦ ਰਾਜਸਥਾਨ ਵਿੱਚ ਬੂਟੇ ਲਗਾਏ ਗਏ ਤਾਂ ਸੇਵਾਦਾਰਾਂ ਦੁਆਰਾ ਇਹਨਾਂ ਬੂਟਿਆਂ ਦੀ ਰਾਖੀ ਕੀਤੀ ਗਈ ਅਤੇ ਉਹਨਾਂ ਨੂੰ ਜਾਨਵਰਾਂ ਆਦਿ ਤੋਂ ਬਚਾਇਆ ਗਿਆ। ਇਸ ਪ੍ਰਕਾਰ ਕਾਰ ਸੇਵਾ ਖਡੂਰ ਸਾਹਿਬ ਬੂਟਿਆਂ ਨੂੰ ਲਗਾਉਂਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਪ੍ਰਤੀ ਵੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਾਰਜ਼ਸ਼ੀਲ ਵੀ ਹੈ।

        ਸੋ ਉਪਰੋਕਤ ਮਹੱਤਵਪੂਰਨ ਕਾਰਜ ਹਨ ਜੋ ਕਾਰ ਸੇਵਾ ਖਡੂਰ ਸਾਹਿਬ ਵਲੋਂ ਵਾਤਾਰਵਣ ਸੰਭਾਲ ਮੁਹਿੰਮ ਤਹਿਤ ਕੀਤੇ ਜਾ ਰਹੇ ਹਨ। ਇਹ ਕਾਰਜ ਬਾਬਾ ਸੇਵਾ ਸਿੰਘ ਜੀ ਦੀ ਦੂਰ-ਦ੍ਰਿਸ਼ਟੀ ਦਾ ਨਤੀਜਾ ਹਨ। ਇਸ ਪ੍ਰਕਾਰ ਪੰਥਕ ਕਾਰਜਾਂ ਦੇ ਨਾਲ ਸਮਾਜਿਕ ਸਰੋਕਾਰਾਂ ਅਤੇ ਵਾਤਾਵਰਣ ਸੰਭਾਲ ਨਾਲ ਜੋੜਨਾ ਕਾਰ ਸੇਵਾ ਖਡੂਰ ਸਾਹਿਬ ਦਾ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਉਪਰਾਲਾ ਹੈ। ਇਸ ਤੋਂ ਸੇਧ ਲੈ ਕੇ ਹਰ ਵਿਅਕਤੀ ਅਤੇ ਸੰਸਥਾ ਨੂੰ ਵਾਤਾਵਰਣ ਸੰਭਾਲ ਲਈ ਸਰਗਰਮ ਹੋਣਾ ਚਾਹੀਦਾ ਹੈ।