ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼
ਕਾਰਜ ਬਾਰੇ ਜਾਣਕਾਰੀ
ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚਲ ਰਹੀ ਵਿੱਦਿਅਕ ਸੰਸਥਾ ਨਿਸ਼ਾਨ-ਏ-ਸਿੱਖੀ ਵਿੱਚ ‘ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼’ ਗੁਰਮਤਿ ਅਧਿਐਨ, ਸਿੱਖੀ ਦੇ ਪ੍ਰਚਾਰ, ਪਾਸਾਰ ਅਤੇ ਅਕਾਦਮਿਕ ਖੋਜ ਖੇਤਰ ਵਿੱਚ ਆਪਣੀ ਮਾਣਮੱਤੀ ਪਛਾਣ ਬਣਾ ਚੁੱਕਿਆ ਹੈ। ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਨਾਮਣਾ ਖੱਟ ਚੁੱਕੇ ਹਨ ਅਤੇ ਅੱਜ ਵੀ ਕਾਰਜਸ਼ੀਲ ਹਨ। ਇਹ ਸੰਸਥਾ ਕਾਰ ਸੇਵਾ, ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਦੇ ਸੁਪਨੇ ਦਾ ਸਾਕਾਰ ਰੂਪ ਹੈ। ਉਨਾਂ੍ਹ ਦੀ ਵੱਡੀ ਸੋਚ ਹੈ ਕਿ ਸਿੱਖ ਪ੍ਰਚਾਰਕ ਵਿਦਵਾਨ ਹੋਣ ਦੇ ਨਾਲ-ਨਾਲ ਸੁਚੱਜੀ ਗੁਰਮਤਿ ਰਹਿਣੀ ਅਤੇ ਆਤਮਿਕ ਅਨੁਭਵ ਵਾਲੇ ਵਿਅਕਤੀ ਹੋਣ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਵਿੱਚ ਵਿਦਿਆਰਥੀਆਂ ਦੀ ਨਿੱਤ ਦੀ ਕਰਮ ਕਿਰਿਆ/ ਸਿਲੇਬਸ ਅਜਿਹਾ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਅਜਿਹੇ ਸੁਮੇਲ ਨੂੰ ਵਿਦਿਆਰਥੀਆਂ ਵਿੱਚ ਮੂਰਤੀਮਾਨ ਕੀਤਾ ਜਾ ਸਕੇ। ਇਹ ਸੰਸਥਾ ਅੰਮ੍ਰਿਤ ਵੇਲੇ ਤੋਂ ਕਿਰਿਆਸ਼ੀਲ ਹੋ ਕੇ ਰਹਰਾਸਿ ਸਾਹਿਬ/ਸੋਹਿਲਾ ਸਾਹਿਬ ਦੇ ਪਾਠ ਦੀ ਸਮਾਪਤੀ ਨਾਲ ਸੰਪੂਰਨ ਹੁੰਦੀ ਹੈ। ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਖਡੂਰ ਸਾਹਿਬ ਵਿੱਚ ਵਿਦਿਆਰਥੀਆਂ ਨੂੰ ਸਿਮਰਨ ਦੇ ਨਾਲ-ਨਾਲ ਸੰਜਮ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਵੀ ਜੋੜਿਆ ਜਾਂਦਾ ਹੈ। ਇੰਸਟੀਚਿਊਟ ਸੁਚੱਜੇ ਅਤੇ ਸਚਾਰੂ ਢੰਗ ਨਾਲ ਚਲਾਉਣ ਲਈ ਸੂਝਵਾਨ ਅਤੇ ਪੰਥ ਪ੍ਰਸਿੱਧ ਸਖਸ਼ੀਅਤਾਂ ਦੀ ਕਮੇਟੀ ਗਠਿਤ ਕੀਤੀ ਗਈ ਹੈ। ਸੰਗਠਿਤ ਕੀਤੇ ਗਏ ਬੋਰਡ ਆਫ ਸਟੱਡੀ ਦੇ ਮੈਂਬਰ ਜੋ ਨਿਰੰਤਰ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਵਿੱਚ ਬਾਬਾ ਸੇਵਾ ਸਿੰਘ ਜੀ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ (ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ), ਪ੍ਰੋ. ਬਲਵੰਤ ਸਿੰਘ ਜੀ ਢਿਲੋਂ (ਫਾਊਂਡਰ ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਡਾ. ਇੰਦਰਜੀਤ ਸਿੰਘ ਗੋਗੋਆਣੀ (ਖਾਲਸਾ ਕਾਲਜ, ਅੰਮ੍ਰਿਤਸਰ), ਡਾ. ਅਮਰਜੀਤ ਸਿੰਘ (ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਅੰਮ੍ਰਿਤਸਰ), ਪਿੰ੍ਰਸੀਪਲ ਬ੍ਰਿਜਪਾਲ ਸਿੰਘ (ਅੰਮ੍ਰਿਤਸਰ), ਭਾਈ ਵਰਿਆਮ ਸਿੰਘ (ਸਾਬਕਾ ਸਕੱਤਰ, ਧਰਮ ਪ੍ਰਚਾਰ ਕਮੇਟੀ, ਅੰਮ੍ਰਿਤਸਰ) ਆਦਿ ਹਨ।